- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਕੀਤੇ ਹੁਕਮਾਂ ਅਨੁਸਾਰ ਇਨ੍ਹਾਂ ਚੋਣਾਂ ਲਈ ਗਠਿਤ ਮੋਨੀਟਰਿੰਗ ਕਮੇਟੀ ਵੀ ਵੋਟਾਂ ਪੈਣ ਦੇ ਅਮਲ ਦੌਰਾਨ ਮੌਜੂਦ ਰਹੀ ਹੈ ਅਤੇ ਪੂਰੀ ਨਿਗਰਾਨੀ ਹੇਠ ਇਹ ਵੋਟਾਂ ਪਈਆਂ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਦੀਆਂ ਮੁੜ ਚੋਣਾਂ ਸ਼ਨਿਚਰਵਾਰ ਨੂੰ ਵੱਖ-ਵੱਖ ਥਾਵਾਂ 'ਤੇ ਹੋਈ ਨੋਕ-ਝੋਕ ਅਤੇ ਸਿਆਸੀ ਤਕਰਾਰ ਦਰਮਿਆਨ ਨੇਪਰੇ ਚੜ੍ਹ ਗਈਆਂ। ਨਗਰ ਨਿਗਮ ਦੇ ਵਾਰਡ ਨੰਬਰ 1, 4, 6, 12, 14, 15, 16, 22, 26, 29, 32, 33, 34, 36, 37, 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਵਿੱਚ ਕੁੱਲ 123 ਪੋਲਿੰਗ ਬੂਥਾਂ 'ਤੇ ਵੋਟਿੰਗ ਹੋਈ।
ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਚੋਣ ਆਬਜ਼ਰਵਰ ਡਾ. ਸੇਨੂ ਦੁੱਗਲ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਐੱਸਐੱਸਪੀ ਹਰਮਨਦੀਪ ਹਾਂਸ, ਵਧੀਕ ਡਿਪਟੀ ਕਮਿਸ਼ਨਰ ਸੁਨੀਲ ਫੋਗਾਟ ਅਤੇ ਐੱਸਪੀ ਮੋਹਿਤ ਅਗਰਵਾਲ ਸਮੇਤ ਹੋਰ ਅਧਿਕਾਰੀਆਂ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਕੀਤੇ ਹੁਕਮਾਂ ਅਨੁਸਾਰ ਇਨ੍ਹਾਂ ਚੋਣਾਂ ਲਈ ਗਠਿਤ ਮੋਨੀਟਰਿੰਗ ਕਮੇਟੀ ਵੀ ਵੋਟਾਂ ਪੈਣ ਦੇ ਅਮਲ ਦੌਰਾਨ ਮੌਜੂਦ ਰਹੀ ਹੈ ਅਤੇ ਪੂਰੀ ਨਿਗਰਾਨੀ ਹੇਠ ਇਹ ਵੋਟਾਂ ਪਈਆਂ ਹਨ। ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਰਾਜ ਚੋਣ ਕਮਿਸ਼ਨ ਵੱਲੋਂ ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਹੀ ਐਲਾਨੀ ਜਾਵੇਗੀ।
ਚੋਣਾਂ ਦੌਰਾਨ ਕਈ ਵਾਰਡਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਿਚਕਾਰ ਤਿੱਖੀ ਬਹਿਸ ਹੋਈ। ਵਾਰਡ 48 ਵਿੱਚ ਵਿਧਾਇਕ ਦੀ ਮੌਜੂਦਗੀ ਦੌਰਾਨ ਨੌਜਵਾਨ ਨੂੰ ਥੱਪੜ ਮਾਰਨ, ਵਾਰਡ 33 ਵਿੱਚ ਭਾਜਪਾ ਆਗੂ ਜੈਇੰਦਰ ਕੌਰ ਅਤੇ 'ਆਪ' ਆਗੂ ਵਿਚਕਾਰ ਤਕਰਾਰ ਅਤੇ 'ਆਪ' ਦੇ ਖੱਤਰੀ ਭਲਾਈ ਬੋਰਡ ਦੇ ਚੇਅਰਮੈਨ ਰਮਨਦੀਪ ਸਿੰਘ ਚੱਢਾ ਵੱਲੋਂ ਆਪਣੀ ਹੀ ਪਾਰਟੀ ਦੇ ਵਰਕਰਾਂ 'ਤੇ ਕੁੱਟਮਾਰ ਦੇ ਲਗਾਏ ਦੋਸ਼ ਚਰਚਾ ਦਾ ਵਿਸ਼ਾ ਬਣੇ ਰਹੇ।
ਵਾਰਡ 44 ਵਿੱਚ ਅਕਾਲੀ ਉਮੀਦਵਾਰ ਸਹਿਜ ਸਿੰਘ ਮੱਕੜ ਨੇ ਸੱਤਾਧਾਰੀ ਧਿਰ 'ਤੇ ਵਰਕਰਾਂ ਨੂੰ ਡਰਾਉਣ-ਧਮਕਾਉਣ ਅਤੇ ਚੋਣਾਂ ਪ੍ਰਭਾਵਿਤ ਕਰਨ ਦੇ ਦੋਸ਼ ਲਗਾਉਂਦਿਆਂ ਧਰਨਾ ਦਿੱਤਾ। ਇਸੇ ਤਰ੍ਹਾਂ ਵਾਰਡ 32 ਵਿੱਚ ਕਾਂਗਰਸੀ ਉਮੀਦਵਾਰ ਰੇਖਾ ਅਗਰਵਾਲ ਅਤੇ 'ਆਪ' ਉਮੀਦਵਾਰ ਰਣਜੀਤ ਸਿੰਘ ਵਿਚਕਾਰ ਵੀ ਵਿਵਾਦ ਹੋਇਆ। ਦੋਵਾਂ ਧਿਰਾਂ ਨੇ ਇੱਕ-ਦੂਜੇ 'ਤੇ ਚੋਣ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ।
ਉਧਰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਖੁਦ ਪੋਲਿੰਗ ਬੂਥਾਂ ਦੇ ਬਾਹਰ ਇਕੱਠ ਕਰਕੇ ਵੋਟਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ ਅਤੇ ਆਪਣੀ ਗਲਤੀ ਛੁਪਾਉਣ ਲਈ ਸੱਤਾਧਾਰੀ ਧਿਰ ਨੂੰ ਬਦਨਾਮ ਕਰ ਰਹੀਆਂ ਹਨ। ਇਸ ਤਰ੍ਹਾਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਿਚਕਾਰ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਜਾਰੀ ਰਿਹਾ ਹੈ।