- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਸਿਵਲ ਲਾਈਨ ਖੇਤਰ 'ਚ 10 ਅਗਸਤ ਨੂੰ ਲਾਵਾਰਿਸ ਹਾਲਤ 'ਚ ਮਿਲੇ ਨੌਜਵਾਨ ਦੀ ਪਛਾਣ ਹੋਣ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਅਫਸਰ ਕਾਲੋਨੀ ਦੇ ਰਹਿਣ ਵਾਲੇ ਅਰੁਣ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰੇਮ ਸਬੰਧਾਂ ਦੇ ਚਲਦਿਆਂ ਅਰੁਣ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਸਿਵਲ ਲਾਈਨ ਖੇਤਰ 'ਚ 10 ਅਗਸਤ ਨੂੰ ਲਾਵਾਰਿਸ ਹਾਲਤ 'ਚ ਮਿਲੇ ਨੌਜਵਾਨ ਦੀ ਪਛਾਣ ਹੋਣ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਅਫਸਰ ਕਾਲੋਨੀ ਦੇ ਰਹਿਣ ਵਾਲੇ ਅਰੁਣ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰੇਮ ਸਬੰਧਾਂ ਦੇ ਚਲਦਿਆਂ ਅਰੁਣ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਗੰਭੀਰ ਹਾਲਤ 'ਚ ਉਸ ਨੂੰ ਟੈਂਪੂ 'ਚ ਪਾ ਕੇ ਰਾਜਿੰਦਰਾ ਹਸਪਤਾਲ 'ਚ ਛੱਡ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪਰਿਵਾਰ ਦੇ ਮੈਂਬਰ ਅਰੁਣ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਾ ਸਿਵਲ ਲਾਈਨ ਪਹੁੰਚੇ ਸਨ। ਪੁਲਿਸ ਨੇ ਉਨ੍ਹਾਂ ਨੂੰ 10 ਅਗਸਤ ਨੂੰ ਲਾਵਾਰਿਸ ਹਾਲਤ 'ਚ ਮਿਲੇ ਮ੍ਰਿਤਕ ਦੀ ਫੋਟੋ ਦਿਖਾਈ। ਫੋਟੋ ਦੇਖਦੇ ਹੀ ਪਰਿਵਾਰ ਨੇ ਮ੍ਰਿਤਕ ਦੀ ਪਛਾਣ ਅਰੁਣ ਵਜੋਂ ਕੀਤੀ।
ਮ੍ਰਿਤਕ ਦੀ ਭੈਣ ਅੰਜਲੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੋਸ਼ ਲਗਾਇਆ ਕਿ ਅਰੁਣ ਦੇ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਲੜਕੀ ਦਾ ਪਹਿਲਾਂ ਵਿਆਹ ਹੋ ਚੁੱਕਾ ਹੈ ਅਤੇ ਉਸ ਦੇ ਪਤੀ ਦਾ ਨਾਂ ਰਵੀ ਸ਼ੰਕਰ ਦੱਸਿਆ ਗਿਆ ਹੈ। ਅੰਜਲੀ ਦਾ ਦੋਸ਼ ਹੈ ਕਿ ਰਵੀ ਸ਼ੰਕਰ ਨੇ ਹੀ ਅਰੁਣ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਗੰਭੀਰ ਰੂਪ 'ਚ ਜ਼ਖਮੀ ਅਰੁਣ ਨੂੰ ਟੈਂਪੂ 'ਚ ਪਾ ਕੇ ਹਸਪਤਾਲ 'ਚ ਛੱਡ ਦਿੱਤਾ ਗਿਆ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਅੰਜਲੀ ਮੁਤਾਬਕ, ਦੋਵਾਂ ਪਰਿਵਾਰਾਂ ਵਿਚਾਲੇ ਕਈ ਸਾਲਾਂ ਤੋਂ ਰਿਸ਼ਤੇਦਾਰੀ ਵਰਗੇ ਸਬੰਧ ਸਨ। ਵਿਆਹ-ਸ਼ਾਦੀ ਦੇ ਪ੍ਰੋਗਰਾਮਾਂ 'ਚ ਦੋਵਾਂ ਪਰਿਵਾਰਾਂ ਦਾ ਇੱਕ-ਦੂਜੇ ਦੇ ਘਰ ਆਉਣਾ-ਜਾਣਾ ਸੀ। ਉਸ ਦਾ ਭਰਾ ਪਰਿਵਾਰ 'ਚ ਇਕਲੌਤਾ ਸੀ। ਭੈਣ ਦੇ ਵਿਆਹ ਤੋਂ ਬਾਅਦ ਪਰਿਵਾਰ ਦੀ ਜਾਇਦਾਦ ਅਰੁਣ ਦੇ ਨਾਂ ਹੋਣ ਦੀ ਗੱਲ ਕਹੀ ਜਾ ਰਹੀ ਸੀ।
ਪੁਲਿਸ ਦੋਸ਼ੀਆਂ ਦੀ ਭਾਲ 'ਚ ਜੁਟੀ
ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਰੁਣ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਮਾਮਲੇ ਸਬੰਧੀ ਐੱਸ.ਆਈ. ਬੂਟਾ ਸਿੰਘ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਤਫਤੀਸ਼ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਕੀਤੀ ਜਾਵੇਗੀ।