ਪੰਜਾਬ ਸਰਕਾਰ ਨੇ ਜੇਲ੍ਹ ’ਚ ਮੇਰੇ ਖ਼ਿਲਾਫ਼ ਸਖਤੀ ਵਰਤੀ : ਵਿਧਾਇਕ ਪਠਾਣਮਾਜਰਾ
ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਮੇਰੇ ਖਿਲਾਫ ਸਖਤੀ ਵਰਤੀ: ਵਿਧਾਇਕ ਪਠਾਣਮਾਜਰਾ
Publish Date: Mon, 01 Jun 2026 05:48 PM (IST)
Updated Date: Mon, 01 Jun 2026 05:50 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਸਾਰੇ ਕੇਸਾਂ ਵਿਚ ਜਮਾਨਤ ਮਿਲਣ ਤੋਂ ਬਾਅਦ ਦੇਰ ਰਾਤ ਉਹ ਆਪਣੇ ਜੱਦੀ ਪਿੰਡ ਪਠਾਣਮਾਜਰਾ ਵਿਖੇ ਪਹੁੰਚ ਗਏ ਹਨ। ਇਸ ਦੌਰਾਨ ਹਲਕਾ ਸਨੌਰ ਦੇ ਲੋਕਾਂ ਨੇ ਪਟਿਆਲਾ ਤੋਂ ਲੈ ਕੇ ਪਿੰਡ ਪਠਾਣਮਾਜਰਾ ਤੱਕ ਸਡ਼ਕਾਂ ਕਿਨਾਰੇ ਖਡ਼੍ਹ ਕੇ ਭਰਵਾਂ ਸਵਾਗਤ ਕੀਤਾ। ਪਠਾਣਮਾਜਰਾ ਵਿਖੇ ਆਪਣੇ ਘਰ ਪਹੁੰਚਣ ਤੇ ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪਿੰਡ ਪਠਾਣਮਾਜਰਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਲਈ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਪੰਜਾਬ ਸਰਕਾਰ ਤੋਂ ਡੱਟ ਕੇ ਮੰਗ ਕੀਤੀ ਸੀ, ਪਰ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਲੀ ਦੇ ਲੀਡਰਾਂ ਦੇ ਕਹਿਣ ਤੇ ਉਨ੍ਹਾਂ ਖ਼ਿਲਾਫ਼ 376 ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਅਤੇ ਜੇਲ੍ਹ ਵਿਚ ਬੰਦ ਕਰਵਾ ਦਿੱਤਾ। ਜੇਲ੍ਹ ’ਚੋਂ ਬਾਹਰ ਆਉਂਦਿਆਂ ਹੀ ਪਠਾਣਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਜੇਕਰ ਮੇਰੇ ਨਾਲ ਰਿਸ਼ਤੇਦਾਰੀ ਸਮਝਦੇ ਤਾਂ ਮੈਨੂੰ ਆਪਣੇ ਕੋਲ ਬਿਠਾ ਕੇ ਸਮਝਾ ਸਕਦੇ ਸੀ ਕਿ ਤੂੰ ਗਲਤ ਕੀਤਾ ਹੈ। ਮੈਨੂੰ ਉਸ ਕੰਮ ਦੀ ਸਜ਼ਾ ਮਿਲੀ ਜੋ ਉਸ ਨੇ ਕੀਤਾ ਹੀ ਨਹੀਂ। ਜੇਕਰ ਉਸ ਨੇ ਆਪਣੇ ਹਲਕੇ ’ਚ ਨਜਾਇਜ਼ ਮਾਈਨਿੰਗ ਜਾਂ ਲੋਕਾਂ ਨਾਲ ਠੱਗੀਆਂ ਮਾਰੀਆਂ ਹੁੰਦੀਆਂ ਤਾਂ ਹੁਣ ਤੱਕ ਉਸ ਖ਼ਿਲਾਫ਼ ਹਲਫੀਆ ਬਿਆਨਾਂ ਦਾ ਢੇਰ ਲੱਗ ਜਾਣਾ ਸੀ ਪਰ ਸਰਕਾਰ ਨੂੰ ਮੇਰੇ ਖ਼ਿਲਾਫ਼ ਦੋ ਗਵਾਹ ਤੱਕ ਵੀ ਨਹੀਂ ਮਿਲੇ। ਪਠਾਣਮਾਜਰਾ ਨੇ ਕਿਹਾ ਕਿ ਹੁਣ ਵੀ ਉਹ ਪੰਜਾਬ ਦੀ ਮਾਨ ਸਰਕਾਰ ਤੋਂ ਹਲਕੇ ਦੇ ਵਿਕਾਸ ਲਈ ਗ੍ਰਾਂਟਾਂ, ਨਹਿਰੀ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਮੰਗ ਕਰਨਗੇ, ਜੇਕਰ ਉਨ੍ਹਾਂ ਦੀ ਗੱਲ ਮੰਨ ਲਈ ਤਾਂ ਹਲਕੇ ਦੇ ਲੋਕਾਂ ਲਈ ਕੰਮ ਕਰਦੇ ਰਹਿਣਗੇ ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਆਈਆਂ ਗ੍ਰਾਂਟਾਂ ਦਾ ਹਿਸਾਬ ਜ਼ਰੂਰ ਲੈਣਗੇ ਅਤੇ ਕਿਸੇ ਨੂੰ ਸਰਕਾਰੀ ਪੈਸਾ ਖਾਣ ਨਹੀਂ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਹਫਤਾ ਦਸ ਦਿਨ ਤੱਕ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਆਪਣੇ ਨਵੇਂ ਬਣੇ ਘਰ ਦਾ ਮਹੂਰਤ ਕਰਨਗੇ ਅਤੇ ਉਸ ਤੋਂ ਬਾਅਦ ਲੋਕਾਂ ਦੇ ਇਕੱਠ ਵਿਚ ਲੋਕਾਂ ਦਾ ਰਾਇ ਲੈ ਕੇ ਜਿਸ ਪਾਰਟੀ ਲਈ ਵੀ ਕੰਮ ਕਰਨਾ ਹੈ ਉਹ ਫੈਸਲਾ ਲੈਣਗੇ।