- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੇਲ ਕਾਲਜ ਦੇ ਪ੍ਰਿੰਸੀਪਲ ਨੂੰ ਬਦਲਣ ਦੀਆਂ ਚਰਚਾਵਾਂ ਤੇਜ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਨੂੰ ਬਦਲਣ ਦੇ ਲਈ ਅੱਜ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਪ੍ਰਿੰਸੀਪਲ ਦੀ ਕਾਰਗੁਜ਼ਾਰੀ ਦੇ ਚੱਲਦਿਆਂ ਗਵਰਨਿੰਗ ਬਾਡੀ ਵੱਲੋਂ ਫਾਰਗ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਿੰਸੀਪਲ ਨੂੰ ਬਦਲਣ ਦੇ ਪਿੱਛੇ ਮੈਨੇਜਮੈਂਟ ਕਮੇਟੀ ਦੁਆਰਾ ਵਿੱਤੀ ਸੰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਸੁਸਾਇਟੀ ’ਚ ਬਤੌਰ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ ਗਾਂਧੀ ਕੰਮ ਕਰ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਚਲਦਿਆਂ ਬੀਤੇ ਦਿਨੀ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਦੇ ਦੌਰਾਨ ਪ੍ਰਿੰਸੀਪਲ ਡਾਕਟਰ ਗਾਂਧੀ ਤੇ ਕਾਰਜਕਾਲ ਦੇ ਦੌਰਾਨ ਦਾਖਲਿਆਂ ਦੀ ਘਟੀ ਗਿਣਤੀ ਅਤੇ ਪ੍ਰਿੰਸੀਪਲ ਦੇ ਨਾਲ ਜਿਆਦਾਤਰ ਸਟਾਫ ਦੀ ਅਣਬਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਸਨ। ਇਸ ਸਬੰਧੀ ਮੈਨੇਜਮੈਂਟ ਸੁਸਾਇਟੀ ਦੇ ਜਨਰਲ ਸਕੱਤਰ ਅਮਨਜੋਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਸੀ ਅਤੇ ਕਾਲਜ ਸਟਾਫ਼ ਨਾਲ ਉਨ੍ਹਾਂ ਦਾ ਤਾਲਮੇਲ ਵੀ ਠੀਕ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਟਾਫ਼ ਮੈਂਬਰ ਪ੍ਰਿੰਸੀਪਲ ਨਾਲ ਕੰਮ ਕਰਨ ਲਈ ਤਿਆਰ ਨਹੀਂ ਸਨ, ਜਿਸ ਕਾਰਨ ਕਾਲਜ ਵਿਚ ਦਾਖ਼ਲਿਆਂ ਵਿਚ ਵੀ ਲਗਾਤਾਰ ਕਮੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 229 ਦਾਖ਼ਲੇ ਘਟੇ ਹਨ ਅਤੇ ਨੈਕ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਸਕੱਤਰ ਅਨੁਸਾਰ ਕਾਲਜ ਦੇ ਵੱਖ-ਵੱਖ ਖੇਤਰਾਂ ਵਿੱਚ ਵੀ ਪ੍ਰਿੰਸੀਪਲ ਵੱਲੋਂ ਉਮੀਦ ਅਨੁਸਾਰ ਕਾਰਗੁਜ਼ਾਰੀ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਗਵਰਨਿੰਗ ਬਾਡੀ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਪ੍ਰਿੰਸੀਪਲ ਦੀਆਂ ਸੇਵਾਵਾਂ ਸਮਾਪਤ ਕਰਨ ਦਾ ਫੈਸਲਾ ਲਿਆ ਗਿਆ। ਉਧਰ, ਸੂਤਰਾਂ ਅਨੁਸਾਰ ਪ੍ਰਿੰਸੀਪਲ ਮਾਰਚ 2027 ਵਿਚ ਸੇਵਾ ਮੁਕਤ ਹੋਣ ਵਾਲੇ ਹਨ। ਇਸ ਸਬੰਧੀ ਭਾਵੇਂ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਵਕੀ ਨੰਦਨ ਸਮੇਤ ਕੁਝ ਹੋਰ ਮੈਂਬਰਾਂ ਦੇ ਵੱਲੋਂ ਪ੍ਰਿੰਸੀਪਲ ਨੂੰ ਰਹਿੰਦਾ ਸਮਾਂ ਹੋਰ ਦੇਣ ਦੀ ਗੱਲ ਕੀਤੀ ਜਾ ਰਹੀ ਸੀ। ਪਰ ਮੈਨੇਜਮੈਂਟ ਦੇ ਅਹੁਦੇਦਾਰਾਂ ਦੇ ਵੱਲੋਂ ਪ੍ਰਿੰਸੀਪਲ ਨੂੰ ਹੋਰ ਸਮਾਨ ਨਾ ਦੇਣ ਦੀ ਗੱਲ ’ਤੇ ਅੜੇ ਰਹੇ। ਇਸ ਸਬੰਧੀ ਜਨਰਲ ਸਕੱਤਰ ਅਮਨਜੋਤ ਸਿੰਘ ਨੇ ਦੱਸਿਆ ਕਿ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਦੇ ਲਈ ਡੀਪੀਆਈ ਨੂੰ ਲਿਖਿਆ ਜਾਵੇਗਾ। ਇਸ ਸਬੰਧੀ ਜਦੋਂ ਪ੍ਰਿੰਸੀਪਲ ਦੀਆਂ ਸੇਵਾਵਾਂ ਖਤਮ ਕਰਨ ਦੀ ਗੱਲ ਕਾਲਜ ਦੇ ਸਟਾਫ ਨੂੰ ਪਤਾ ਲੱਗੀ ਤਾਂ ਉਨ੍ਹਾਂ ’ਚ ਖੁਸ਼ੀ ਦੀ ਲਹਿਰ ਦੌੜ ਪਈ, ਪਰ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਆਪਣੀ ਸੀਟ ਬਚਾਉਣ ’ਚ ਕਾਮਯਾਬ ਰਹਿੰਦੇ ਹਨ ਜਾਂ ਉਨ੍ਹਾਂ ਦੀ ਥਾਂ ’ਤੇ ਕੋਈ ਨਵਾਂ ਪ੍ਰਿੰਸੀਪਲ ਪਟੇਲ ਕਾਲਜ ਦਾ ਕਾਰਜਭਾਰ ਸੰਭਾਲੇਗਾ।