ਪਰਮਿੰਦਰ ਢੀਂਡਸਾ ਨੇ ਪੰਥਕ ਏਕਤਾ ਲਈ ਭਰੀ ਹਾਮੀ ਪਰਮਿੰਦਰ ਢੀਂਡਸਾ ਨੇ ਪੰਥਕ ਏਕਤਾ ਲਈ ਭਰੀ ਹਾਮੀ
Publish Date: Fri, 07 Aug 2026 04:02 PM (IST)
Updated Date: Sat, 08 Aug 2026 04:02 AM (IST)
ਕਿਹਾ-ਅਕਾਲੀ ਦਲ (ਪੁਨਰ ਸੁਰਜੀਤ) ਤੇ ਵਾਰਿਸ ਪੰਜਾਬ ਦੇ ਦਾ ਇਕੱਠੇ ਹੋਣਾ ਜ਼ਰੂਰੀ -ਗੱਠਜੋੜ ਲਈ ਪਰਦੇ ਪਿੱਛੇ ਚੱਲ ਰਹੀ ਹੈ ਗੱਲ -ਅੰਮ੍ਰਿਤਪਾਲ ਸਿੰਘ ਦੇ ਸੀਐਮ ਚਿਹਰਾ ਬਣਨ ਤੇ ਹੁੰਦੀ ਰਹੀ ਚਰਚਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ’ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚਾਲੇ ਗੱਠਜੋੜ ਤੇ ਪੰਥਕ ਏਕਤਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਸ ਗੱਲ ਦੇ ਹਾਮੀ ਰਹੇ ਹਨ ਕਿ ਪੰਜਾਬ ਤੇ ਪੰਥ ਦੀ ਮਜ਼ਬੂਤੀ ਲਈ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਕੇ ਗੱਠਜੋੜ ਕਰਨਾ ਚਾਹੀਦਾ ਹੈ। ਢੀਂਡਸਾ ਨੇ ਖੁਲਾਸਾ ਕੀਤਾ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚਲਾਉਣ ਲਈ ਉਨ੍ਹਾਂ ਦੀ ਪਾਰਟੀ ਵੱਲੋਂ ਇੱਕ 4 ਮੈਂਬਰੀ ਕਮੇਟੀ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਅੰਦਰੂਨੀ ਮੀਟਿੰਗ ’ਚ ਇਸ ਗੱਲ ’ਤੇ ਵੀ ਗੰਭੀਰ ਚਰਚਾ ਹੋਈ ਸੀ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ-ਦੋ ਵਿਅਕਤੀਆਂ ਨੂੰ ਛੱਡਕੇ ਪਾਰਟੀ ਦੇ ਲੱਗਭਗ ਸਾਰੇ ਆਗੂਆਂ ਨੇ ਇਸ ਪ੍ਰਸਤਾਵ ’ਤੇ ਆਪਣੀ ਸਹਿਮਤੀ ਜਤਾਈ ਸੀ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕੁਝ ਕਾਰਨਾਂ ਕਰਕੇ ਇਹ ਗੱਲਬਾਤ ਵਿਚਾਲੇ ਹੀ ਰਹਿ ਗਈ ਸੀ, ਪਰ ਅੱਜ ਵੀ ਪਰਦੇ ਦੇ ਪਿੱਛੇ ਰਾਹੀਂ ਚਰਚਾ ਦਾ ਦੌਰ ਜਾਰੀ ਹੈ। ਢੀਂਡਸਾ ਨੇ ਆਸ ਪ੍ਰਗਟਾਈ ਕਿ ਇਹ ਗੱਲਬਾਤ ਸਿਰੇ ਚੜ੍ਹਨੀ ਚਾਹੀਦੀ ਹੈ, ਕਿਉਂਕਿ ਲੋਕਾਂ ਦੀ ਭਾਵਨਾ ਵੀ ਇਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਏਕਤਾ ਹੁੰਦੀ ਹੈ ਤਾਂ ਇਸ ਨਾਲ ਪੰਥਕ ਸ਼ਕਤੀ ਨੂੰ ਵੱਡਾ ਬਲ ਮਿਲੇਗਾ ਤੇ ਇਹ ਪੰਜਾਬ ਦੇ ਭਵਿੱਖ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਗੁਰਚਰਨ ਸਿੰਘ ਧਾਲੀਵਾਲ, ਸਤਿਗੁਰ ਸਿੰਘ ਨਮੋਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਸੰਦੀਪ ਸਿੰਘ ਦਿਓਸੀ, ਕੋਚ ਜਸਪਾਲ ਸਿੰਘ ਥਿੰਦ, ਡਾਕਟਰ ਨਰੇਸ਼ ਜਿੰਦਲ, ਬੇਅੰਤ ਸਿੰਘ ਰੂਪਰਾਏ, ਜਤਿੰਦਰ ਸਿੰਘ ਮਾਦਾ, ਰਵਿੰਦਰ ਗੋਰਖਾ ਹਾਜ਼ਰ ਸਨ।