ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ’ਚ ਵਰਤੀ ਜਾ ਰਹੀ ਢਿੱਲ : ਕੈਂਥ
ਕੇਂਦਰੀ ਯੋਜਨਾਵਾਂ ਦੇ ਲਾਗੂ ਕਰਨ ਵਿੱਚ ਢਿੱਲ, ਮਹਿਲਾਵਾਂ ਨੂੰ ਨਹੀਂ ਮਿਲ ਰਿਹਾ ਲਾਭ: ਕੈਂਥ
Publish Date: Mon, 30 Mar 2026 04:41 PM (IST)
Updated Date: Mon, 30 Mar 2026 04:42 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਪੀਐਮਕੇਵੀਵਾਈ ਤਹਿਤ ਤਿਆਰ ਕੀਤੀਆਂ ਔਰਤਾਂ ਨੂੰ ਬਾਜ਼ਾਰ ਤੇ ਉਨ੍ਹਾਂ ਦੇ ਉਤਪਾਦਾਂ ਲਈ ਠੀਕ ਮੁੱਲ ਨਾ ਮਿਲਣ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੇ ਇਸ ਸਥਿਤੀ ਲਈ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਨਾਕਾਮੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਕੈਂਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਠੋਸ ਤੇ ਨਤੀਜਾ-ਕੇਂਦਰਿਤ ਯਤਨ ਕਰ ਰਹੀ ਹੈ। ਪੀਐਮਕੇਵੀਵਾਈ ਰਾਹੀਂ ਮਹਿਲਾਵਾਂ ਨੂੰ ਮੁਫ਼ਤ ਸਕਿਲ ਟ੍ਰੇਨਿੰਗ, ਰੋਜ਼ਗਾਰ ਦੇ ਮੌਕੇ ਅਤੇ ਆਰਥਿਕ ਸਸ਼ਕਤੀਕਰਨ ਦੇ ਰਸਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 2024–25 ਵਿੱਚ 22.79 ਫੀਸਦੀ ਤੋਂ ਵੱਧ ਕੇ 2025–26 ਵਿੱਚ 25.80 ਫੀਸਦੀ ਹੋ ਗਈ ਹੈ, ਜੋ ਯੋਜਨਾ ਦੀ ਵਧ ਰਹੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ। ਇਸ ਯੋਜਨਾ ਅਧੀਨ ਮਹਿਲਾਵਾਂ ਨੂੰ ਇਲੈਕਟ੍ਰਾਨਿਕਸ, ਰਿਟੇਲ, ਹੈਲਥਕੇਅਰ, ਬਿਊਟੀ ਐਂਡ ਵੈਲਨੈੱਸ, ਹਥਕਲਾ ਅਤੇ ਕੱਪੜੇ ਵਰਗੇ ਖੇਤਰਾਂ ਵਿਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਵਾਜਾਈ, ਰਹਿਣ-ਸਹਿਣ ਅਤੇ ਟ੍ਰੇਨਿੰਗ ਤੋਂ ਬਾਅਦ ਰੋਜ਼ਗਾਰ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਭਾਜਪਾ ਨੇਤਾ ਕੈਂਥ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸੋਚ ‘ਮਹਿਲਾ ਵਿਕਾਸ’ ਤੋਂ ਅੱਗੇ ਵੱਧ ਕੇ ‘ਮਹਿਲਾ-ਨੇਤ੍ਰਿਤ ਵਿਕਾਸ’ ਵੱਲ ਹੈ, ਜਿਸ ਵਿੱਚ ਮਹਿਲਾਵਾਂ ਸਿਰਫ਼ ਲਾਭਪਾਤਰੀ ਨਹੀਂ ਸਗੋਂ ਦੇਸ਼ ਦੇ ਵਿਕਾਸ ਦੀ ਮੁੱਖ ਭਾਗੀਦਾਰ ਹਨ।