ਪਟਿਆਲਾ 'ਚ ਦਰਦਨਾਕ ਹਾਦਸਾ : ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਦਿਆਂ ਲੱਗਿਆ ਕਰੰਟ, ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਗੋਪਾਲ ਕਾਲੋਨੀ ਵਿੱਚ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦਾ ਕੰਮ ਕਰ ਰਹੇ ਇੱਕ ਠੇਕੇਦਾਰ ਦੇ ਕਾਮੇ ਦੀ ਅਚਾਨਕ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ (32 ਸਾਲ), ਪਿੰਡ ਚਾਂਦਪੁਰ, ਜ਼ਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
Publish Date: Tue, 08 Sep 2026 01:11 PM (IST)
Updated Date: Tue, 08 Sep 2026 01:55 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ - ਗੋਪਾਲ ਕਾਲੋਨੀ ਵਿੱਚ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦਾ ਕੰਮ ਕਰ ਰਹੇ ਇੱਕ ਠੇਕੇਦਾਰ ਦੇ ਕਾਮੇ ਦੀ ਅਚਾਨਕ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ (32 ਸਾਲ), ਪਿੰਡ ਚਾਂਦਪੁਰ, ਜ਼ਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਹੁਲ ਪਿਛਲੇ ਕਰੀਬ 3 ਮਹੀਨਿਆਂ ਤੋਂ ਇੱਕ ਠੇਕੇਦਾਰ ਕੋਲ ਕੰਮ ਕਰ ਰਿਹਾ ਸੀ ਅਤੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਸਾਂਭ-ਸੰਭਾਲ ਤੇ ਮੁਰੰਮਤ ਨਾਲ ਜੁੜੇ ਕੰਮਾਂ ਵਿੱਚ ਲੱਗਿਆ ਹੋਇਆ ਸੀ। 7 ਸਤੰਬਰ ਨੂੰ ਜਦੋਂ ਗੋਪਾਲ ਕਾਲੋਨੀ ਇਲਾਕੇ ਵਿੱਚ ਤਾਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਤਾਂ ਅਚਾਨਕ ਲਾਈਨ ਵਿੱਚ ਤੇਜ਼ ਕਰੰਟ ਆ ਗਿਆ। ਕਰੰਟ ਇੰਨਾ ਜ਼ੋਰਦਾਰ ਸੀ ਕਿ ਰਾਹੁਲ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਅਣਹੋਣੀ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿੱਚ ਸਹਿਮ ਅਤੇ ਸੋਗ ਦਾ ਮਾਹੌਲ ਬਣ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਇਸ ਮਾਮਲੇ ਦੀ ਜਾਂਚ ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਮੰਗਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਬਿਜਲੀ ਬੋਰਡ ਵੱਲੋਂ ਤਾਰਾਂ ਵਿੱਚ ਕਰੰਟ ਨਹੀਂ ਛੱਡਿਆ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੰਮ ਦੌਰਾਨ ਲਾਈਨ ਬੰਦ ਰੱਖਣ ਦੇ ਬਾਵਜੂਦ ਕਰੰਟ ਕਿਵੇਂ ਅਤੇ ਕਿੱਥੋਂ ਆਇਆ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਹੀ ਹਾਦਸੇ ਦੇ ਅਸਲ ਕਾਰਨਾਂ ਅਤੇ ਲਾਪਰਵਾਹੀ ਦਾ ਪਤਾ ਲੱਗ ਸਕੇਗਾ, ਜਿਸ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।