- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ’ਤੇ ਦੂਹਰੀ ਮਾਰ- ਝੋਨੇ ਦਾ ਝਾੜ ਘੱਟ- ਕਟਾਈ ਦੇ ਦੇਣੇ ਪੈ ਰਹੇ ਨੇ ਵੱਧ ਪੈਸੇ

ਪਰਗਟ ਸਿੰਘ, •ਪੰਜਾਬੀ ਜਾਗਰਣ, •ਪਟਿਆਲਾ : ਸਾਉਣੀ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਹੀ ਪਈ ਬੇਮੌਸਮੀ ਭਰਵੀਂ ਬਰਸਾਤ ਨੇ ਕਿਸਾਨਾਂ ਨੂੰ ਵਾਹਣੀ ਪਾਇਆ ਹੋਇਆ ਹੈ। ਕਿਸਾਨ ਜਿੱਥੇ ਖੇਤਾਂ ’ਚ ਖੜ੍ਹਾ ਝੋਨਾ ਸਪੈਸ਼ਲ ਕੰਬਾਇਨ (ਚਾਈਨ ਵਾਲੀ ਕੰਬਾਇਨ) ਨਾਲ ਮਹਿੰਗੇ ਭਾਅ ’ਚ ਕਟਵਾਉਣ ਕਾਰਨ ਪਰੇਸ਼ਾਨ ਹਨ ਉਥੇ ਹੀ ਮੰਡੀਆਂ ’ਚ ਪਿਆ ਝੋਨਾ ਵੀ ਧੁੱਪ ਨਿਕਲਣ ਤੋਂ ਬਾਅਦ ਸੁਕਾ ਸੁਕਾ ਕੇ ਵੇਚਣ ਲਈ ਮਜਬੂਰ ਹਨ। ਭਰਵੀ ਬਰਸਾਤ ਕਾਰਨ ਝੋਨੇ ਦੇ ਖੇਤਾਂ ’ਚ ਪਾਣੀ ਭਰ ਜਾਣ ਕਾਰਨ ਹੁਣ ਕਈ ਦਿਨ ਕੰਬਾਇਨ ਚੱਲਣ ’ਚ ਦਿੱਕਤ ਆਉਣ ਕਾਰਨ ਚਾਈਨ ਵਾਲੀ ਕੰਬਾਇਨ ਨਾਲ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਦਾ ਰੇਟ ਪ੍ਰਤੀ ਏਕੜ ਲਗਪਗ 5500 ਤੋਂ 6000 ਤੱਕ ਪੈ ਰਿਹਾ ਹੈ ਤੇ ਪਾਣੀ ’ਚੋਂ ਟਰਾਲੀਆਂ ਆਦਿ ਬਾਹਰ ਕੱਢਣ ’ਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਬਰਸਾਤ ਤੋਂ ਪਹਿਲਾਂ ਮੰਡੀਆਂ ’ਚ ਪਏ ਝੋਨੇ ’ਚ ਪਿਛਲੇ ਦਿਨੀਂ ਪਈ ਬਰਸਾਤ ਨਾਲ ਨਮੀਂ ਵਧਣ ਕਾਰਨ ਫ਼ਸਲ ਵੇਚਣ ’ਚ ਆਉਦਾ ਅੜਿਕਾ ਸਿਰਦਰਦੀ ਬਣਿਆ ਹੋਇਆ ਹੈ ਤੇ ਕਿਸਾਨ ਝੋਨਾ ਮੰਡੀਆਂ ’ਚ ਧੁੱਪ ’ਚ ਸੁਕਾ ਕੇ ਵੇਚਣ ਲਈ ਮਜਬੂਰ ਹਨ। ਕਿਸਾਨ ਗੁਰਮਿੰਦਰ ਸਿੰਘ ਪੂਨੀਆ, ਜਸਵੀਰ ਸਿੰਘ, ਨੈਬ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਝੋਨਾ ਹੁਣ ਪੱਕ ਕੇ ਕੱਟਣ ਲਈ ਤਿਆਰ ਸੀ ਪਰ ਪਹਿਲਾਂ 11 ਅਕਤੂਬਰ ਤੇ ਫਿਰ 14 ਅਕਤੂਬਰ ਨੂੰ ਪਏ ਭਰਵੇਂ ਮੀਂਹ ਨਾਲ ਖੇਤਾਂ ’ਚ ਪਾਣੀ ਭਰ ਗਿਆ ਤੇ ਕਟਾਈ ਕਰਨ ਲਈ ਹੁਣ ਕਈ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ ਜਦੋਂ ਕਿ ਫਸਲ ਪੱਕ ਕੇ ਧਰਤੀ ਨਾਲ ਵਿਛਣ ਲੱਗ ਪਈ ਹੈ, ਜਿਸਦੇ ਚਲਦਿਆਂ ਪਾਣੀ ’ਚ ਚੱਲਣ ਵਾਲੀ ਚਾਈਨ ਵਾਲੀ ਸਪੈਸ਼ਲ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਉਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਕੰਬਾਇਨ ਵਾਲੇ ਨੂੰ 5500 ਤੋਂ 6 ਹਜ਼ਾਰ ਰੁਪਏ ਤੱਕ ਪ੍ਰਤੀ ਏਕੜ ਰੇਟ ਦੇਣਾ ਪੈ ਰਿਹਾ ਹੈ ਜਦੋਂਕਿ ਆਮ ਕੰਬਾਇਨਾਂ ਨਾਲ ਪਹਿਲਾਂ ਕਟਾਈ 1500 ਤੋਂ 1700 ਰੁਪਏ ਪ੍ਰਤੀ ਏਕੜ ਤੱਕ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਮਜਬੂਰੀ ਵਸ ਵੱਧ ਪੈਸੇ ਦੇਣੇ ਪੈ ਰਹੇ ਹਨ ਉਥੇ ਹੀ ਖੇਤਾਂ ’ਚ ਖੱਡੇ ਬਣਨ ਕਾਰਨ ਅਗਲੀ ਫਸਲ ਦੀ ਤਿਆਰੀ ਲਈ ਵੀ ਵੱਧ ਡੀਜ਼ਲ ਖਰਚ ਕਰਨਾ ਪਵੇਗਾ ਤੇ ਦੂਹਰੀ ਮਾਰ ਪਵੇਗੀ।