- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਮੌਸਮੇ ਮੀਂਹ ਨਾਲ ਖੇਤਾਂ ਤੋਂ ਲੈ ਕੇ ਮੰਡੀਆਂ ਤੱਕ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ

ਕਰਮਵੀਰ ਸਿੰਘ ਮਰਦਾਂਪੁਰ•, ਪੰਜਾਬੀ ਜਾਗਰਣ,• ਘਨੌਰ : ਇਲਾਕੇ ਵਿਚ ਪਏ ਬੇਮੌਸਮੀ ਭਾਰੀ ਮੀਂਹ ਨੇ ਝੋਨੇ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਿੱਥੇ ਖੇਤਾਂ ਵਿਚ ਖੜ੍ਹੀ ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ ਬਣਿਆ ਹੋਇਆ ਹੈ, ਉੱਥੇ ਹੀ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਵਿਕਰੀ ਲਈ ਪਿਆ ਝੋਨਾ ਵੀ ਮੀਂਹ ਦੀ ਮਾਰ ਹੇਠ ਆ ਗਿਆ ਹੈ। ਘਨੌਰ, ਮਰਦਾਂਪੁਰ, ਮਾਹੜੂ ਤੇ ਕਪੂਰੀ ਦੀਆਂ ਮੰਡੀਆਂ ਵਿਚ ਫ਼ਸਲ ਦੀ ਸੰਭਾਲ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਇਸ ਦੇ ਨਾਲ ਹੀ ਕਈ ਆੜ੍ਹਤੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਦਿਆਂ ਖੇਤਾਂ ਵਿਚ ਹੀ ਝੋਨੇ ਦੀਆਂ ਢੇਰੀਆਂ ਲਗਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਅਨਾਜ ਮੰਡੀ ਘਨੌਰ ਵਿਚ ਕੁਝ ਝੋਨੇ ਦੀਆਂ ਢੇਰੀਆਂ ਬਿਨਾਂ ਤਰਪਾਲਾਂ ਤੋਂ ਨਜ਼ਰ ਆਈਆਂ, ਇਸ ਤੋਂ ਇਲਾਵਾ ਖ਼ਰੀਦ ਕੇਂਦਰ ਮਰਦਾਂਪੁਰ, ਮਾਹੜੂ ਅਤੇ ਕਪੂਰੀ ਵਿੱਚ ਵੀ ਮੀਂਹ ਕਾਰਨ ਝੋਨਾ ਭਿੱਜ ਗਿਆ। ਜਾਣਕਾਰੀ ਅਨੁਸਾਰ ਅੱਧੀ ਦਰਜਨ ਆੜ੍ਹਤੀਆਂ ਨੇ ਮਰਦਾਂਪੁਰ ਵਿਖੇ ਆਪਣੇ ਪੱਧਰ ’ਤੇ ਖੇਤਾਂ ਵਿਚ ਹੀ ਕੱਚੀਆਂ ਥਾਵਾਂ ’ਤੇ ਝੋਨੇ ਦੀਆਂ ਢੇਰੀਆਂ ਲਗਵਾ ਦਿੱਤੀਆਂ। ਮੀਂਹ ਪੈਣ ਤੋਂ ਬਾਅਦ ਇਨ੍ਹਾਂ ਖੇਤਾਂ ਵਿਚ ਪਾਣੀ ਖੜ੍ਹਨ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਜੇਕਰ ਵੱਡੀ ਮਾਤਰਾ ਵਿੱਚ ਝੋਨਾ ਪਾਣੀ ਤੇ ਨਮੀ ਦੀ ਮਾਰ ਹੇਠ ਆਉਂਦਾ ਹੈ ਤਾਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰੀ ਖ਼ਰੀਦ ਪ੍ਰਬੰਧਾਂ ਅਤੇ ਫ਼ਸਲ ਦੀ ਸੰਭਾਲ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਆੜ੍ਹਤੀਆਂ ਵੱਲੋਂ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕਣ ਦੇ ਪ੍ਰਬੰਧ ਕੀਤੇ ਗਏ ਸਨ, ਪਰ ਲਗਾਤਾਰ ਮੀਂਹ ਅਤੇ ਨਮੀ ਕਾਰਨ ਕਈ ਥਾਵਾਂ ’ਤੇ ਫ਼ਸਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਰੱਖਿਆ ਜਾ ਸਕਿਆ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਫ਼ਸਲ ਵਿੱਚ ਨਮੀ ਵਧਣ ਕਾਰਨ ਵੇਚਣ ’ਚ ਵੀ ਦੇਰੀ ਹੋਣ ਦਾ ਖ਼ਦਸ਼ਾ ਹੈ। ਕਿਸਾਨ ਆਗੂ ਕਾਮਰੇਡ ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ, ਚਰਨਜੀਤ ਸਿੰਘ ਲਾਛੜੂ, ਹਜ਼ੂਰਾ ਸਿੰਘ ਮਿਰਜਾਂਪੁਰ, ਰਣਜੀਤ ਸਿੰਘ ਲੋਹਸਿੰਬਲੀ ਅਤੇ ਮੇਜਰ ਸਿੰਘ ਮਰਦਾਂਪੁਰ ਨੇ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਨੂੰ ਹੋਏ ਨੁਕਸਾਨ ’ਤੇ ਚਿੰਤਾ ਪ੍ਰਗਟਾਈ। ਕਿਸਾਨ ਆਗੂਆਂ ਨੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਵੀ ਕੀਤੀ।