- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਨੂੜ ਮੰਡੀ ਵਿਚ ਝੋਨੇ ਦੀ ਖ਼ਰੀਦ ਹੋਈ ਬੰਦ;

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸਥਾਨਕ ਅਨਾਜ ਮੰਡੀ ਵਿਚ ਅੱਜ ਝੋਨੇ ਦੀ ਖ਼ਰੀਦ ਨਹੀਂ ਹੋਈ। ਮੰਡੀ ਵਿਚ ਪਨਗਰੇਨ ਤੇ ਮਾਰਕਫੈੱਡ ਵੱਲੋਂ ਝੋਨਾ ਖ਼ਰੀਦਿਆ ਜਾ ਰਿਹਾ ਹੈ। ਦੋਹਾਂ ਏਜੰਸੀਆਂ ਨੇ ਅੱਜ ਝੋਨਾ ਨਹੀਂ ਖ਼ਰੀਦਿਆ। ਝੋਨਾ ਨਾ ਖਰੀਦੇ ਜਾਣ ਦਾ ਕਾਰਨ ਮੰਡੀ ਵਿਚ ਝੋਨੇ ਦੀ ਖ਼ਰੀਦ ਲਈ ਨਿਰਧਾਰਿਤ ਕੀਤਾ ਗਿਆ 3,10,980 ਕੁਇੰਟਲ ਝੋਨਾ ਪੂਰਾ ਹੋਣਾ ਦੱਸਿਆ ਜਾ ਰਿਹਾ ਹੈ। ਮੰਡੀ ਵਿਚ ਹੁਣ ਤੱਕ 3,10,839 ਕੁਵਿੰਟਲ ਝੋਨਾ ਖ਼ਰੀਦਿਆ ਜਾ ਚੁੱਕਾ ਹੈ। ਇਸ ਪੱਤਰਕਾਰ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਮੰਡੀ ’ਚ ਮਾਰਕੀਟ ਕਮੇਟੀ ਦੇ ਰਿਕਾਰਡ ਅਨੁਸਾਰ 7 ਹਜ਼ਾਰ ਕੁਇੰਟਲ ਝੋਨਾ ਹਾਲੇ ਵਿਕਰੀ ਲਈ ਪਿਆ ਹੈ। ਇਸੇ ਤਰ੍ਹਾਂ ਇਸ ਖੇਤਰ ਦੇ ਪਿੰਡਾਂ ਵਿਚ ਹਾਲੇ ਝੋਨੇ ਦੀ ਕਟਾਈ ਵੀ ਬਾਕੀ ਪਈ ਹੈ। ਅੱਧਵਾਟੇ ਮੰਡੀ ਬੰਦ ਹੋਣ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਇਸੇ ਤਰਾਂ ਮਾਰਕੀਟ ਕਮੇਟੀ ਬਨੂੜ ਅਧੀਨ ਪੈਂਦੀ ਖੇੜਾ ਗੱਜੂ ਦੀ ਮੰਡੀ ਵਿਚ ਵੀ ਅੱਜ ਝੋਨੇ ਦੀ ਖ਼ਰੀਦ ਬੰਦ ਹੋ ਗਈ। ਇੱਥੇ ਵੀ ਹਾਲੇ ਝੋਨਾ ਅਣਵਿਕਿਆ ਪਿਆ ਹੈ। ਝੋਨਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਅਜਿਹਾ ਪਹਿਲੀ ਵੇਰ ਹੋਇਆ ਹੈ ਕਿ ਝੋਨੇ ਦੇ ਚੱਲਦੇ ਸੀਜ਼ਨ ਵਿਚ ਹੀ ਮੰਡੀਆਂ ਵਿਚ ਖ਼ਰੀਦ ਬੰਦ ਕੀਤੀ ਗਈ ਹੋਵੇ। ਕਿਸਾਨ ਸਭਾ ਦੇ ਸੂਬਾ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਜਗੀਰ ਸਿੰਘ ਹੰਸਾਲਾ, ਸੱਤਪਾਲ ਸਿੰਘ ਰਾਜੋਮਾਜਰਾ ਆਦਿ ਨੇ ਮੰਡੀਆਂ ਵਿਚ ਖ਼ਰੀਦ ਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਮੰਡੀਆਂ ਵਿਚੋਂ ਝੋਨੇ ਦਾ ਦਾਣਾ ਦਾਣਾ ਖ਼ਰੀਦਣ ਦੇ ਦਾਅਵੇ ਕਰ ਰਹੇ ਹਨ ਪਰ ਹਕੀਕਤ ਵਿਚ ਇਸ ਤੋਂ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਝਾੜ ਵੱਧ ਨਿਕਲਣ ਕਾਰਨ ਜੇਕਰ ਟੀਚਾ ਪਹਿਲਾਂ ਪੂਰਾ ਹੋ ਗਿਆ ਤਾਂ ਇਸ ਵਿਚ ਕਿਸਾਨਾਂ ਦਾ ਕੀ ਕਸੂਰ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਝੋਨੇ ਦੀ ਮੁੜ੍ਹ ਖ਼ਰੀਦ ਨਾ ਆਰੰਭੀ ਗਈ ਤਾਂ ਕਿਸਾਨ ਸਭਾ ਕੌਮੀ ਮਾਰਗ ਤੇ ਜਾਮ ਲਾਉਣ ਅਤੇ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।