ਝੋਨੇ ਦੇ ਮਧਰੇ (ਬੌਣੇ) ਬੂਟਿਆਂ ਨੇ ਮੁੜ ਫਿਕਰਾਂ ’ਚ ਪਾਏ ਕਿਸਾਨ ਝੋਨੇ ਦੇ ਮਧਰੇ (ਬੌਣੇ) ਬੂਟਿਆਂ ਨੇ ਮੁੜ ਫਿਕਰਾਂ ’ਚ ਪਾਏ ਕਿਸਾਨ
Publish Date: Fri, 14 Aug 2026 04:44 PM (IST)
Updated Date: Fri, 14 Aug 2026 04:47 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਜ਼ਿਲ੍ਹੇ ਭਰ ’ਚ ਲਗਪਗ 2.33 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਲੁਆਈ ਹੋ ਚੁੱਕੀ ਹੈ ਪਰ ਝੋਨੇ ’ਚ ਮਧਰੇ (ਬੌਣੇ) ਬੂਟਿਆਂ ਦੀ ਬਿਮਾਰੀ ਨੇ ਇਸ ਸਾਲ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਦੀਆ ਲਕੀਰਾਂ ਵਧਣ ਲੱਗੀਆ ਹਨ। ਕਿਸਾਨਾਂ ਦਾ ਦੱਸਣਾ ਹੈ ਕਿ ਝੋਨੇ ਦੀਆਂ ਕਈ ਵਰਾਇਟੀਆਂ ’ਚ ਇਸ ਵਾਰ ਵੀ ਛੋਟੇ ਬੂਟੇ (ਮਧਰੇ) ਦੇਖਣ ਨੂੰ ਮਿਲ ਰਹੇ ਹਨ ਤੇ ਉਨ੍ਹਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਬੌਣੇ ਰੋਗ ਨਾਲ ਝੋਨੇ ਦਾ ਨੁਕਸ਼ਾਨ ਨਾ ਹੋ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਪੀਆਰ ਵਰਾਇਟੀਆਂ ਦੇ ਨਾਲ ਨਾਲ ਬਾਸਮਤੀ ਵਰਾਇਟੀਆਂ (ਪੀਆਰ- 1692, ਪੀਬੀ- 1401 ) ਆਦਿ ਵੀ ਛੋਟੇ ਬੂਟੇ ਸਾਹਮਣੇ ਆ ਰਹੇ ਹਨ। ਜਦੋਂ ਕਿ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਜ਼ਿਲ੍ਹੇ ’ਚ ਕੋਈ ਬੌਣੇ ਰੋਗ (ਸਦਰਨ ਰਾਈਸ ਬਲੈਕ ਸਟਰੀਕਡ ਜਵਾਰਫ ਵਾਇਰਸ) ਦਾ ਕੇਸ ਰਿਪੋਰਟ ਨਹੀਂ ਹੋਇਆ। ਕਿਸਾਨ ਚੰਤਿਤ ਹਨ ਕਿ ਜੇਕਰ ਜਿਆਦਾ ਬੂਟੇ ਮਧਰੇ ਰਹਿ ਗਏ ਤਾਂ ਝੋਨਾ ਮੁੜ ਲਗਾਉਣ ਦਾ ਸਮਾਂ ਵੀ ਨਹੀਂ ਬਚਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਨੈਬ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵਾਰ 25 ਜੂਨ ਤੋਂ ਬਾਅਦ ਝੋਨੇ ਦੀਆ ਪੀਆਰ-128, ਪੀਆਰ-131, ਪੀਆਰ-114, ਪੀਬੀ-1401 ਤੇ ਪੀਆਰ-1692) ਆਦਿ ’ਵਰਾਇਟੀਆਂ ਲਗਾਈਆਂ ਹੋਈਆਂ ਹਨ, ਜਿਨ੍ਹਾਂ ’ਚ ਕਿੱਲੇ ’ਚ ਕਿਤੇ ਕਿਤੇ ਛੋਟੇ ਬੂਟੇ ਦੇਖੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹੁਣ ਤੋਂ ਝੋਨੇ ਦੇ ਝਾੜ ਦਾ ਨੁਕਸਾਨ ਹੋਣ ਦਾ ਡਰ ਸਤਾਉਣ ਲੱਗਾ ਹੈ। ਕਿਸਾਨ ਨੈਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀਆਰ-128 ’ਵਰਾਇਟੀ ’ਚੋਂ ਛੋਟੇ ਬੂਟੇ ਬਾਹਰ ਕੱਢ ਦਿੱਤੇ ਸਨ, ਪਰ ਫਿਰ ਵੀ ਕਈ ਹੋਰ ਬੂਟੇ ਮਧਰੇ ਦਿਖਾਈ ਦੇਣ ਲੱਗੇ ਹਨ, ਜਿਨ੍ਹਾਂ ਨੂੰ ਮੁੜ ਬਾਹਰ ਕੱਢ ਕੇ ਦੱਬਣਾ ਪਵੇਗਾ। ਕਿਸਾਨਾਂ ਦੀ ਕਹਿਣਾ ਹੈ ਕਿ ਜੇਕਰ ਹਰ ਸਾਲ ਝੋਨੇ ’ਚ ਇਹ ਬਿਮਾਰੀ ਆਉਣ ਲੱਗ ਗਈ ਤਾਂ ਖੇਤੀ ਦਾ ਧੰਦਾ ਖਤਮ ਹੋ ਜਾਣਾ ਹੈ ਕਿਉਂਕਿ ਝੋਨੇ ਦੀ ਫਸਲ ਹੀ ਆਰਥਿਕ ਅਧਾਰ ਬਣਦੀ ਹੈ। -ਕੀ ਹੈ ਬੂਟੇ ਦੇ ਮਧਰੇਪਣ ਦੀ ਸਮੱਸਿਆ- ਝੋਨੇ ’ਚ ਬੂਟਿਆਂ ਦਾ ਮਧਰਾਪਣ (ਬੌਣੇ) ਰਹਿਣ ਦੀ ਸਮੱਸਿਆ ਭਾਰਤ ’ਚ ਸਾਲ 2022 ’ਚ ਪਹਿਲੀਵਾਰ ਦੇਖਣ ਨੂੰ ਮਿਲੀ ਸੀ। ਇਹ ਇਕ ਵਿਸ਼ਾਣੂ ਰੋਗ ਹੈ, ਜਿਸ ਦੀ ਪੰਜਾਬ ਖੇਤੀਬਾੜੀ ’ਵਰਸਿਟੀ ਲੁਧਿਆਣਾ ਨੇ ਪਛਾਣ ਸਦਰਨ ਰਾਈਸ ਬਲੈਕ ਸਟਰੀਕਡ ਜਵਾਰਫ ਵਾਇਰਸ ਵਜੋਂ ਕੀਤੀ ਸੀ। ਇਸ ਰੋਗ ਨਾਲ ਬੂਟੇ ਦਾ ਕੱਦ ਮਧਰਾ, ਪੱਤੇ ਨੋਕਦਾਰ ਤੇ ਜੜਾਂ ਘੱਟ ਡੂੰਗੀਆਂ ਰਹਿ ਜਾਂਦੀਆਂ ਹਨ ਤੇ ਕਈ ਵਾਰ ਹਮਲਾ ਜਿਆਦਾ ਹੋਣ ਕਾਰਨ ਬੂਟੇ ਮੁਰਝਾ ਤੇ ਖਤਮ ਵੀ ਹੋ ਜਾਂਦੇ ਹਨ। ਇਹ ਵਾਇਰਸ ਚਿੱਟੀ ਪਿਠ ਵਾਲੇ ਟਿੱਡੇ ਨਾਲ ਫੈਲਦਾ ਹੈ ਜੋ ਕਿ ਸਾਰੀਆਂ ਕਿਸਮਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। -ਰੋਕਥਾਮ ਲਈ ਨੁਕਤੇ ਇਸ ਰੋਗ ਦੀ ਰੋਕਥਾਮ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਲਈ ਸੁਝਾਅ ਦਿੱਤੇ ਗਏ ਹਨ, ਜਿਸ ਤਹਿਤ ਜੇਕਰ ਪਿਛਲੇ ਸਾਲ ਇਸ ਰੋਗ ਦੀ ਸਮੱਸਆ ਆਈ ਹੋਵੇ ਉਸ ਖੇਤ ਦਾ ਖਾਸ ਖਿਆਲ ਰੱਖਿਆ ਜਾਵੇ, ਪਿਛਲੀ ਫਸਲ ਦੀ ਰਹਿਣ-ਖੂੰਦ ਨੂੰ ਡੂੰਗੀ ਵਾਹੀ ਜਾਵੇ, ਵੱਟਾ ਤੇ ਖਾਲ੍ਹਾਂ ਨੂੰ ਨਦੀਨਾ ਮੁਕਤ ਰੱਖਿਆ ਜਾਵੇ, ਹਮਲਾ ਨਜਰ ਆਉਣ ’ਤੇ ਇਸ ਨੂੰ ਵਧਣ ਤੋਂ ਰੋਕਣ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਦਵਾਈਆਂ, ਜਿਨ੍ਹਾਂ ’ਚ 94 ਮੀ.ਲੀ. ਟਰਾਈਫਲੂਮੀਜੋਪਾਇਰਮ ਜਾਂ 80 ਗ੍ਰਾਮ ਡਾਇਨੋਟੋਫੁਰਾਨ ਜਾਂ 120 ਗ੍ਰਾਮ ਬੈਂਜਪਾਇਰੀਮੌਕਰਾਨ ਆਦਿ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ। -ਹਾਲੇ ਕੋਈ ਸੈਂਪਲ ਰਿਪੋਰਟ ਨਹੀਂ ਹੋਇਆ : ਖੇਤੀਬਾੜੀ ਅਧਿਕਾਰੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਤਾਬਾੜੀ ਅਫਸਰ ਡਾ. ਦਾਰਾ ਸਿੰਘ ਨੇ ਆਖਿਆ ਕਿ ਹਾਲੇ ਤੱਕ ਜ਼ਿਲ੍ਹੇ ਦੇ ਕਿਸੇ ਵੀ ਬਲਾਕ ’ਚੋਂ ਝੋਨੇ ਦੇ ਬੌਣੇ ਬੂਟੇ ਬਾਰੇ ਕੇਸ ਸਾਹਮਣੇ ਨਹੀਂ ਆਏ ਪਰ ਜੇਕਰ ਕਿਸਾਨਾਂ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਈ ਹੋਰਨਾਂ ਕਾਰਨਾ ਕਰਕੇ ਵੀ ਝੋਨੇ ਦੇ ਬੂਟੇ ਛੋਟੇ ਰਹਿ ਸਕਦੇ ਹਨ ਤੇ ਸਦਰਨ ਰਾਈਸ ਬਲੈਕ ਸਟਰੀਕਡ ਜਵਾਰਫ ਵਾਇਰਸ ਦੀ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੇ ਸੀਜਨ ਦੀ ਸ਼ੁਰੂਆਤ ਮੌਕੇ ਹੀ ਪਨੀਰੀ ’ਚੋਂ ਇਸ ਵਾਈਰਸ ਦੀ ਪਛਾਣ ਕਰਨ ਲਈ ਵੱਖ ਵੱਖ ਥਾਵਾਂ ਤੋਂ ਸ਼ੱਕੀ ਪਨੀਰੀ ਦੇ 8 ਸੈਂਪਲ ਲੈ ਕੇ ਜਾਂਚ ਲਈ ਭੇਜੇ ਸਨ ਪਰ ਵਾਈਰਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੂੰ ਛੋਟੇ ਬੂਟੇ ਦਿਖਦੇ ਹਨ ਉਨ੍ਹਾਂ ਨੂੰ ਖੇਤ ’ਚ ਬਾਹਰ ਕੱਢ ਕੇ ਨਸ਼ਟ ਕਰ ਦਿੱਤਾ ਜਾਵੇ।