ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ, ਮੰਡੀਆਂ ’ਚ ਪੁੱਜਣ ਲੱਗੀ ਫਸਲ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ, ਮੰਡੀਆਂ ’ਚ ਪੁੱਜਣ ਲੱਗੀ ਫਸਲ
Publish Date: Wed, 30 Sep 2026 06:49 PM (IST)
Updated Date: Thu, 01 Oct 2026 04:03 AM (IST)
ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਸਾਉਣੀ ਦੇ ਸੀਜ਼ਨ 2026 ਦੌਰਾਨ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸਰਕਾਰੀ ਖਰੀਦ ਦੀ ਉਡੀਕ ਕਰ ਰਹੇ ਕਿਸਾਨਾਂ ਵੱਲੋਂ ਵੀ ਝੋਨੇ ਦੀ ਅਗੇਤੀਆਂ ਵਰਾਈਆਂ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਗਾਮੀ ਦਿਨਾਂ ’ਚ ਸੀਜ਼ਨ ਭੱਖੇਗਾ। ਇਸ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 20 ਫਸੀਦ ਵੱਧ ਫਸਲ ਆਉਣ ਦੀ ਉਮੀਦ ਹੈ। ਪਿਛਲੇ ਸਾਲ ਜ਼ਿਲ੍ਹੇ ਭਰ ’ਚ ਝੋਨੇ ਦੀ ਮਿਥੇ ਟੀਚੇ ਅਨੁਸਾਰ ਆਮਦ ਨਹੀਂ ਹੋਈ ਸੀ ਕਿਉਂਕਿ ਝੋਨੇ ’ਚ ਮਧਰੇ ਬੂਟੇ ਦੀ ਸਮੱਸਿਆ ਨੇ ਫਸਲ ਦੇ ਝਾੜ ’ਤੇ ਵੱਡਾ ਅਸਰ ਪਾਇਆ ਸੀ ਪਰ ਇਸ ਸੀਜਨ ਦੌਰਾਨ 15 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਆਉਣ ਦੀ ਉਮੀਦ ਹੈ। ਝੋਨੇ ਦੀ ਨਿਰਵਿਗਨ ਖਰੀਦ ਲਈ ਮੰਡੀ ਬੋਰਡ ਵੱਲੋਂ 104 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ ਤੇ 70 ਤੋ 80 ਆਰਜੀ ਮੰਡੀਆਂ ਬਣਾਉਣ ਦੀ ਵੀ ਤਜਵੀਜ਼ ਹੈ। ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਝੋਨੇ ਦੀ ਖਰੀਦ ਲਈ ਵੱਖ-ਵੱਖ ਖਰੀਦ ਏਜੰਸੀਆਂ ਵਿਚ ਝੋਨੇ ਦੀ ਆਮਦ ਦੇ ਅਨੁਮਾਨ ਅਨੁਸਾਰ ਵੰਡ ਕਰਕੇ ਮੰਡੀਆਂ ਸੌਂਪੀਆਂ ਗਈਆਂ ਹਨ। ਜ਼ਿਲ੍ਹੇ ਦੀਆਂ ਪੱਕੀਆਂ ਮੰਡੀਆਂ ’ਚ ਝੋਨੇ ਦੀ ਫ਼ਸਲ ਆ ਵੀ ਚੁੱਕੀ ਹੈ ਤੇ ਹੋਰਨਾਂ ਮੰਡੀਆ ਤੇ ਖਰੀਦ ਕੇਂਦਰਾਂ ਵਿਚ ਵੀ ਜਲਦ ਝੋਨੇ ਦੀ ਆਮਦ ਸ਼ੁਰੂ ਹੋ ਜਾਵੇਗੀ। ਡੱਬੀ- ਸਾਰੇ ਪ੍ਰਬੰਧ ਮੁਕੰਮਲ : ਜ਼ਿਲ੍ਹਾ ਮੰਡੀਕਰਨ ਅਫਸਰ ਜ਼ਿਲ੍ਹਾ ਮੰਡੀਕਰਨ ਅਫ਼ਸਰ ਪਟਿਆਲਾ ਅਸਲਮ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ’ਚ ਸਬੰਧਿਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ ਬਣਾਈਆਂ ਗਈਆਂ 104 ਮੰਡੀਆਂ ਤੇ ਖਰੀਦ ਕੇਂਦਰਾਂ ਤੋਂ ਇਲਾਵਾ 70 ਤੋ 80 ਹੋਰ ਆਰਜ਼ੀ ਮੰਡੀਆਂ ਬਣਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ ਤੇ ਲੋੜ ਪੈਣ ’ਤੇ ਇਨ੍ਹਾਂ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ’ਚ ਬਿਜਲੀ ਦਾ ਪ੍ਰਬੰਧ ਮੁਕੰਮਲ ਹੈ ਅਤੇ ਜਿਥੇ ਜਿਥੇ ਝੋਨਾ ਆਉਣਾ ਸੁਰੂ ਹੋ ਚੁਕਿਆ ਹੈ ਉਥੇ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਸਮੇਤ ਹੋਰ ਪ੍ਰਬੰਧ ਵੀ ਕੀਤੇ ਗਏ ਹਨ। ਡੱਬੀ- ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ’ਚ ਲਿਆਉਣ : ਸੈਣੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀ. ਵਾਈਸ ਪ੍ਰਧਾਨ ਤੇ ਆੜ੍ਹਤੀ ਐਸੋਸੀਏਸ਼ਨ ਪਟਿਆਲਾ ਮੰਡੀ ਦੇ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਆਖਿਆ ਕਿ ਕਿਸਾਨ ਸੁੱਕਾ ਤੇ ਸਾਫ ਝੋਨਾ ਹੀ ਮੰਡੀਆਂ ’ਚ ਲਿਆਉਣ ਅਤੇ 17 ਫੀਸਦ ਨਮੀ ਤੋਂ ਵੱਧ ਵਾਲਾ ਝੋਨਾ ਨਹੀਂ ਵਿਕੇਗਾ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ 20 ਫੀਸਦ ਫਸਲ ਵਧਣ ਦੀ ਸੰਭਾਵਨਾ ਹੈ ਕਿਉਂਕਿ ਜਿਥੇ ਪਿਛਲੇ ਸਾਲ ਮਧਰੇ ਬੂਟਿਆਂ ਕਾਰਨ ਝੋਨੇ ਦਾ ਝਾੜ ਘਟਿਆ ਸੀ ਉਥੇ ਹੀ ਇਸ ਵਾਰ ਬਾਸਮਤੀ ਹੇਠ ਰਕਬਾ ਵੀ ਘਟਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਐਸੋਸੀਏਸ਼ਨ ਵੱਲੋਂ ਮੰਡੀਆਂ ਦੇ ਬਾਹਰ ਬੋਰਡ ਵੀ ਲਗਾਏ ਗਏ ਹਨ। ਡੱਬੀ- ਸਰਕਾਰ ਹਾਈਬ੍ਰੀਡ ਝੋਨੇ ਦੀ ਖਰੀਦ ਨਾ ਕਰੇ : ਚੀਮਾ ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਰਾਈਸ਼ ਮਿਲਰ ਐਸੋਸੀਏਸ਼ਨ ਦੇ ਕਾਰਜਕਾਰੀ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਆਖਿਆ ਕਿ ਪਿਛਲੇ ਸੀਜ਼ਨ ਦਾ 10 ਫੀਸਦ ਚਾਵਲ ਹਾਲੇ ਸ਼ੈਲਰਾਂ ’ਚ ਪਿਆ ਹੈ ਅਤੇ ਨਵੇ ਸ਼ੀਜਨ ਲਈ ਥਾਂ ਦੀ ਵੱਡੀ ਘਾਟ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਾਈਬ੍ਰੀਡ ਝੋਨੇ ਦੀ ਸਰਕਾਰੀ ਖਰੀਦ ਨਾ ਕੀਤੀ ਜਾਵੇ ਕਿਉਂਕਿ ਹਾਈਬ੍ਰੀਡ ਝੋਨੇ ’ਚ ਬਰੋਕਨ ਦੀ ਮਾਤਰਾ ਵੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੈਲਰਾਂ ’ਚ 17 ਫੀਸਦ ਨਮੀ ਵਾਲਾ ਝੋਨਾ ਹੀ ਲਗਾਇਆ ਜਾਵੇਗਾ। ਡੱਬੀ- ਨਮੀ ਦੀ ਮਾਤਰਾ 22 ਫ਼ੀਸਦੀ ਕੀਤੀ ਜਾਵੇ : ਸੁਖਵਿੰਦਰ ਸਿੰਘ ਬਾਰਨ ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਰਨ ਨੇ ਆਖਿਆ ਕਿ ਸਰਕਾਰ ਵੱਲੋਂ ਤਹਿ ਕੀਤੀ 17 ਫ਼ੀਸਦੀ ਨਮੀ ਦੀ ਮਾਤਰਾ ਦਾ ਮਾਪਦੰਡ 22 ਫ਼ੀਸਦੀ ਰੱਖਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ 17 ਫ਼ਸਦੀ ਨਮੀ ਤੱਕ ਝੋਨਾ ਪੱਕਣ ’ਚ ਦਿੱਕਤ ਰਹਿੰਦੀ ਹੈ, ਜਿਸ ਕਾਰਨ ਸੀਜਨ ਦੌਰਾਨ ਕਿਸਾਨਾਂ ਤੇ ਸ਼ੈਲਰਾਂ ਵਾਲਿਆ ਤੇ ਆੜਤੀਆਂ ’ਚ ਤਕਰਾਰ ਦੀਆ ਖਬਰਾਂ ਆਮ ਵਾਪਰਦੀਆਂ ਰਹਿੰਦੀਆਂ ਹਨ।