ਸੜਕਾਂ ਤੇ ਮੌਤ ਬਣਕੇ ਘੁੰਮ ਰਹੇ ਹਨ ਓਵਰਲੋਡ ਵਾਹਨ
ਸੜਕਾਂ ਤੇ ਮੌਤ ਬਣਕੇ ਘੁੰਮ ਰਹੇ ਹਨ ਓਵਰਲੋਡ ਵਾਹਨ
Publish Date: Thu, 18 Jun 2026 04:49 PM (IST)
Updated Date: Fri, 19 Jun 2026 04:03 AM (IST)

ਹਰ ਸਾਲ ਚ ਸ਼ਹਿਰ ਦੇ ਆਸ-ਪਾਸ ਹੋ ਚੁੱਕੇ ਦਰਜਨਾਂ ਹਾਦਸੇ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਕੋਟਲਾ : ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੀਆਂ ਸੜਕਾਂ ਉੱਪਰ ਦੌੜਨ ਵਾਲੇ ਓਵਰਲੋਡ ਵਾਹਨ ਆਮ ਨਾਗਰਿਕਾਂ ਲਈ ਜਿੱਥੇ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ ਉੱਥੇ ਨਾਲ-ਨਾਲ ਵਾਹਨ ਚਾਲਕਾਂ ਲਈ ਵੀ ਜਾਨਲੇਵਾ ਸਾਬਤ ਹੋ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਕੋਨੇ ਤੋਂ ਅਜਿਹੇ ਵਾਹਨਾਂ ਦੇ ਪਲਟਣ ਜਾਂ ਅਸੰਤੁਲਿਤ ਹੋ ਕੇ ਦੁਰਘਟਨਾਗ੍ਰਸਤ ਹੋਣ ਦੀ ਖ਼ਬਰ ਚਰਚਾ ’ਚ ਰਹਿੰਦੀ ਹੈ। ਟਰੈਫਿਕ ਪੁਲਿਸ ਸਮੇਂ-ਸਮੇਂ ’ਤੇ ਮੁਹਿੰਮ ਚਲਾ ਕੇ ਇਨ੍ਹਾਂ ਵਿਰੁੱਧ ਕਾਰਵਾਈ ਕਰਦੀ ਹੈ, ਪਰ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਆਇਆ ਹੈ। ਲੋਕਾਂ ਨੇ ਹੁਣ ਪ੍ਰਸ਼ਾਸਨ ਤੇ ਟਰੈਫਿਕ ਪੁਲਿਸ ਤੋਂ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਹਾਈਵੇ ਤੇ ਪੇਂਡੂ ਇਲਾਕਿਆਂ ਵਿੱਚ ਜਾਣ ਵਾਲੇ ਮਾਰਗਾਂ ਤੇ ਓਵਰਲੋਡ ਟਰੱਕਾਂ, ਟਰੈਕਟਰ ਟਰਾਲੀਆਂ ਆਦਿ ਦੇ ਪਲਟਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੋਜ਼ ਸਵੇਰੇ ਅਤੇ ਸ਼ਾਮ ਦੇ ਸਮੇਂ ਇਹ ਓਵਰਲੋਡ ਵਾਹਨ, ਤੂੜੀ, ਕੱਚੇ ਮਾਲ, ਉਸਾਰੀ ਸਮੱਗਰੀ ਅਤੇ ਰੇਤ ਨਾਲ ਲੱਦ ਕੇ ਇੰਨੀ ਤੇਜੀ ਨਾਲ ਦੌੜਦੇ ਹਨ ਕਿ ਸੜਕ ਤੇ ਚੱਲਣ ਤੋਂ ਡਰ ਲੱਗਦਾ ਹੈ। ਕਈ ਵਾਰ ਤਾਂ ਇਹ ਸੰਤੁਲਨ ਗੁਆ ਕੇ ਸਿੱਧੇ ਪਲਟ ਜਾਂਦੇ ਹਨ। ਉਹ ਡਰ ਦੇ ਮਾਰੇ ਹਾਈਵੇ ਤੇ ਚੱਲਣ ਤੋਂ ਵੀ ਘਬਰਾਉਂਦੇ ਹਨ। ਅੰਕੜਿਆਂ ਦੀ ਮੰਨੀਏ ਤਾਂ ਪਿਛਲੇ ਇੱਕ ਸਾਲ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆ ਵਿੱਚ ਓਵਰਲੋਡਿੰਗ ਕਾਰਨ ਹੋਏ ਹਾਦਸਿਆਂ ਵਿੱਚ ਦਰਜਨਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਹਾਦਸਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਚਾਲਕਾਂ ਨੂੰ ਹੀ ਚੁੱਕਣਾ ਪੈਂਦਾ ਹੈ, ਜੋ ਮਾਲਕਾਂ ਦੇ ਦਬਾਅ ਜਾਂ ਵੱਧ ਕਮਾਈ ਦੇ ਲਾਲਚ ਵਿੱਚ ਆਗਿਆ ਪ੍ਰਾਪਤ ਸਮਰੱਥਾ ਕਈ ਗੁਣਾ ਜ਼ਿਆਦਾ ਭਾਰ ਲੱਦ ਕੇ ਗੱਡੀ ਚਲਾਉਂਦੇ ਹਨ। ਇਸ ਤੋਂ ਇਲਾਵਾ ਸੜਕ ਤੇ ਚੱਲਣ ਵਾਲੇ ਸਾਈਕਲ ਸਵਾਰ, ਮੋਟਰਸਾਈਕਲ ਚਾਲਕ ਅਤੇ ਛੋਟੇ ਵਾਹਨ ਵੀ ਇਨ੍ਹਾਂ ਵਾਹਨਾਂ ਦੀ ਲਪੇਟ ਵਿੱਚ ਆਉਣ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਸਮਾਜ ਸੇਵੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਜਗਸੀਰ ਕੌਰ ਭੱਟੀ, ਵਾਰਿਸ ਪੰਜਾਬ ਜਥੇਬੰਦੀ ਦੇ ਬਲਾਕ ਆਗੂ ਪੂਰਨ ਸਿੰਘ ਖਾਲਸਾ, ਭੰਤ ਸਿੰਘ ਹਥਨ ਅਤੇ ਨੌਜਵਾਨ ਕਾਂਗਰਸੀ ਆਗੂ ਰਾਮਦਾਸ ਬਿੱਟੂ ਦਾ ਕਹਿਣਾ ਹੈ ਕਿ ਟਰੈਫਿਕ ਪੁਲਿਸ ਦੀ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ। ਸਥਾਈ ਹੱਲ ਲਈ ਨਾ ਸਿਰਫ਼ ਜੁਰਮਾਨਾ ਵਧਾਇਆ ਜਾਵੇ ਸਗੋਂ ਆਰਟੀਓ ਨਾਲ ਤਾਲਮੇਲ ਕਰਕੇ ਮਾਲ ਢੋਅ-ਢੁਆਈ ਦੇ ਨਿਯਮਾਂ ਨੂੰ ਹੋਰ ਕਠੋਰ ਕੀਤਾ ਜਾਵੇ। ਸਥਾਨਕ ਲੋਕਾਂ ਦੀ ਮੰਗ ਹੈ ਕਿ ਓਵਰਲੋਡ ਵਾਹਨਾਂ ਵਿਰੁੱਧ ਮੁਹਿੰਮ ਨੂੰ ਹਫ਼ਤੇ ਵਿੱਚ ਕੁਝ ਦਿਨ ਨਹੀਂ, ਸਗੋਂ ਰੋਜ਼ਾਨਾ ਜਾਰੀ ਰੱਖਿਆ ਜਾਵੇ। ਨਾਲ ਹੀ, ਜਿਨ੍ਹਾਂ ਵਾਹਨਾਂ ਤੇ ਨਿਰਧਾਰਤ ਭਾਰ ਤੋਂ ਵੱਧ ਸਮਾਨ ਲੈਂਦਾ ਹੋਵੇ, ਉਨ੍ਹਾਂ ਨੂੰ ਨਾ ਸਿਰਫ਼ ਭਾਰੀ ਜੁਰਮਾਨਾ ਦੇਣਾ ਚਾਹੀਦਾ ਹੈ, ਸਗੋਂ ਉਨ੍ਹਾਂ ਦੇ ਪਰਮਿਟ ਨੂੰ ਵੀ ਅਸਥਾਈ ਤੌਰ ਤੇ ਰੱਦ ਕੀਤਾ ਜਾਵੇ।