- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੂਨਦਾਨ ਕੈਂਪ ਦਾ ਆਯੋਜਨ ਕਰਨਾ ਸ਼ਲਾਘਾਯੋਗ: ਜਗਮੀਤ ਹਰਿਆਊ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਿਖੇ ਰੈੱਡ ਰਿਬਨ ਕਲੱਬ ਤੇ ਐਨਐਸਐਸ ਯੂਨਿਟ ਵੱਲੋਂ ਯੂਥ ਫੈਡਰੇਸ਼ਨ ਆਫ਼ ਇੰਡੀਆ ਤੇ ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਥੈਲਾਸੀਮੀਆ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਅਗਵਾਈ ਕਾਲਜ ਦੀ ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਕੀਤੀ। ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਵੱਲੋਂ 40 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਵਿਚ ਮੁੱਖ ਮਹਿਮਾਨ ਵਜੋਂ ਅਕਾਲੀ ਦਲ ਹਲਕਾ ਸਮਾਣਾ ਦੇ ਇੰਚਾਰਜ ਜਗਮੀਤ ਸਿੰਘ ਹਰਿਆਊ ਨੇ ਸ਼ਿਰਕਤ ਕੀਤੀ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਗੁਰਦੁਆਰਾ ਸਾਹਿਬ ਕਰਹਾਲੀ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਕੋਹਲੀ ਨੇ ਕੀਤੀ। ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਥੈਲਾਸੀਮੀਆ ਪੀੜਤ ਬੱਚਿਆਂ ਨੂੰ ਨਿਯਮਿਤ ਤੌਰ ’ਤੇ ਖੂਨ ਦੀ ਲੋੜ ਪੈਂਦੀ ਹੈ ਅਤੇ ਖੂਨਦਾਨੀਆਂ ਵੱਲੋਂ ਦਿੱਤਾ ਇਕ-ਇਕ ਯੂਨਿਟ ਖੂਨ ਉਨ੍ਹਾਂ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਸਮਾਜ ਸੇਵਾ ਦਾ ਮਹਾਨ ਕਾਰਜ ਹੈ। ਉਨ੍ਹਾਂ ਕਿਹਾ ਕਿ ਕਾਲਜ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵਿਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਨੇਕ ਕਾਰਜਾਂ ਲਈ ਭਵਿੱਖ ਵਿਚ ਵੀ ਸਹਿਯੋਗ ਕਰਦੀ ਰਹੇਗੀ। ਇਸ ਮੌਕੇ ਡਾ. ਨਰਿੰਦਰ ਕੌਰ, ਸਟੇਟ ਐਵਾਰਡੀ ਪਰਮਿੰਦਰ ਸਿੰਘ ਭਲਵਾਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਸਿੰਘ ਗਰੇਵਾਲ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਵੀ ਖੂਨਦਾਨ ਵਿੱਚ ਸਹਿਯੋਗ ਦਿੱਤਾ।