- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਦੁਕਾਨਾਂ ਖਾਲੀ ਕਰਨ ਦੇ ਹੁਕਮ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਕਾਲਕਾ ਰੋਡ ਉੱਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਬਾਹਰ ਬਣੀਆਂ ਦੁਕਾਨਾਂ ਸਬੰਧੀ ਮਾਨਯੋਗ ਕੋਰਟ ’ਚ ਚੱਲ ਰਹੇ ਕੇਸ ਦੇ ਵਿਚ ਸੁਣਵਾਈ ਕਰਦਿਆਂ ਹੋਇਆਂ ਦੁਕਾਨਦਾਰਾਂ ਨੂੰ ਦੁਕਾਨਾਂ ਖਾਲੀ ਕਰਨ ਦੇ ਹੁਕਮ ਸੁਣਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਕੇਸ ਦੀ ਪੈਰਵਾਈ ਕਰ ਰਹੇ ਬਾਰ ਐਸੋਸੀਏਸ਼ਨ ਰਾਜਪੁਰਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਸਿਮਰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਮਾਹੀ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦੁਕਾਨਦਾਰਾਂ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਗਿਆ ਸੀ। ਐਡਵੋਕੇਟ ਹਰਸਿਮਰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀਆਂ ਇਹ ਦੁਕਾਨਾਂ ਲੰਬੇ ਸਮੇਂ ਤੋਂ ਕਿਰਾਏ ’ਤੇ ਸਨ ਅਤੇ ਕਿਰਾਇਆ ਬਹੁਤ ਨਿਗੂਣਾ ਸੀ। ਕਿਰਾਏ ਨੂੰ ਲੈ ਕੇ ਸਮੇਂ-ਸਮੇਂ ’ਤੇ ਮੈਨੇਜਮੈਂਟ ਕਮੇਟੀ ਤੇ ਕਿਰਾਏਦਾਰਾਂ ਵਿਚਕਾਰ ਵਿਵਾਦ ਹੁੰਦਾ ਰਿਹਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਸਾਲ 1960 ਵਿਚ ਬਣਾਈ ਗਈ ਸੀ ਅਤੇ ਹੁਣ ਸੜਕ ਦੇ ਪੱਧਰ ਤੋਂ ਕਾਫ਼ੀ ਨੀਵੀਂ ਹੋ ਚੁੱਕੀ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿਚ ਪਾਣੀ ਭਰਨ ਦੀ ਸਮੱਸਿਆ ਆਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਲਈ ਦੁਕਾਨਾਂ ਖਾਲੀ ਕਰਨ ਦੀ ਮੰਗ ਕੀਤੀ ਗਈ ਸੀ, ਪਰ ਕੁਝ ਦੁਕਾਨਦਾਰ ਕਬਜ਼ਾ ਛੱਡਣ ਲਈ ਤਿਆਰ ਨਹੀਂ ਸਨ। ਕਈ ਦੁਕਾਨਦਾਰਾਂ ਵੱਲੋਂ ਲੰਬੇ ਸਮੇਂ ਤੋਂ ਕਿਰਾਇਆ ਵੀ ਅਦਾ ਨਹੀਂ ਕੀਤਾ ਜਾ ਰਿਹਾ ਸੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਦੁਕਾਨਾਂ ਖਾਲੀ ਕਰਨ ਦੇ ਹੁਕਮ ਸੁਣਾਏ ਹਨ।