- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਪਨ ਯੂਨੀਵਰਸਿਟੀ ਅਤੇ ਨਵਜੀਵਨੀ ਇੰਸਟੀਚਿਊਟ ਵਿਚਕਾਰ ਸਮਝੌਤਾ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਅਤੇ ਨਵਜੀਵਨੀ ਇੰਸਟੀਚਿਊਟ ਆਫ਼ ਸਪੈਸ਼ਲ ਐਜੂਕੇਸ਼ਨ ਐਂਡ ਰਿਸਰਚ ਪਟਿਆਲਾ ਵਿਚਕਾਰ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ ਗਏ। ਇਹ ਸਮਝੌਤਾ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮਝੌਤੇ ਤਹਿਤ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਉਹ ਦਿਵਿਆਂਗ ਬੱਚਿਆਂ ਦੀਆਂ ਲੋੜਾਂ ਨੂੰ ਸਮਝਦਿਆਂ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦੇ ਸਕਣ। ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ ਅਤੇ ਪਲੈਨਿੰਗ ਤੇ ਡਿਵੈਲਪਮੈਂਟ ਡਿਵੀਜ਼ਨ ਦੇ ਮੁਖੀ ਡਾ. ਕਰਨ ਸੁਖੀਜਾ ਨੇ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਮੌਕੇ ਡਾ. ਕਵਿਤਾ ਸਹਾਰਨ ਅਤੇ ਡਾ. ਗੁਰਜੀਤ ਕੌਰ ਨੇ ਸਬੰਧਤ ਨੋਡਲ ਅਫ਼ਸਰਾਂ ਵਜੋਂ ਹਸਤਾਖਰ ਕੀਤੇ। ਡਿਫਰੈਂਟਲੀ ਏਬਲ ਸਕੀਮ ਦੇ ਨੋਡਲ ਅਫ਼ਸਰ ਡਾ. ਸਰਵਰਿੰਦਰ ਸਿੰਘ ਵੀ ਮੌਜੂਦ ਸਨ। ਨਵਜੀਵਨੀ ਇੰਸਟੀਚਿਊਟ ਵੱਲੋਂ ਡਾਇਰੈਕਟਰ ਸਰਬਜੀਤ ਕੌਰ ਸੰਧੂ, ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਦੀ ਪ੍ਰਿੰਸੀਪਲ ਸਵਿਤਾ ਕੌਸ਼ਲ ਅਤੇ ਇੰਸਟੀਚਿਊਟ ਦੇ ਪ੍ਰਿੰਸੀਪਲ ਮਨਦੀਪ ਸਿੰਘ ਨੇ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਮੌਕੇ ਕੈਪਟਨ ਇਮਾਨਜੀਤ ਸਿੰਘ ਟਿਵਾਣਾ ਵੀ ਹਾਜ਼ਰ ਸਨ। ਇਸ ਸਾਂਝੇ ਉਪਰਾਲੇ ਨਾਲ ਦਿਵਿਆਂਗ ਬੱਚਿਆਂ ਨੂੰ ਸਿੱਖਿਆ, ਵਿਕਾਸ ਅਤੇ ਸਮਾਜ ਵਿੱਚ ਬਰਾਬਰ ਦੀ ਭਾਗੀਦਾਰੀ ਦੇ ਵਧੇਰੇ ਮੌਕੇ ਮਿਲਣ ਦੀ ਉਮੀਦ ਹੈ।