- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੱਖੜੀ ਭੇਜਣ ਲਈ ਛੁੱਟੀਆਂ ’ਚ ਵੀ ਖੁੱਲ੍ਹੇ ਰਹਿਣਗੇ ਡਾਕਘਰ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਇੰਡੀਆ ਪੋਸਟ ਵੱਲੋਂ ਰੱਖੜੀ ਦੇ ਤਿਉਹਾਰ ਦੇ ਸਬੰਧ ’ਚ ਭੈਣਾਂ ਵੱਲੋਂ ਭਰਾਵਾਂ ਨੂੰ ਰੱਖੜੀ ਤੇ ਹੋਰ ਸਮੱਗਰੀ ਭੇਜਣ ਲਈ ਹੁਣ ਛੁੱਟੀ ਵਾਲੇ ਦਿਨ ਵੀ ਡਾਕ ਘਰ ਖੁੱਲ੍ਹੇ ਰਹਿਣਗੇ। ਇਸ ਦੌਰਾਨ 15 ਜੁਲਾਈ ਤੋਂ 28 ਅਗਸਤ ਤੱਕ ਆਉਣ ਵਾਲੇ ਸਾਰੇ ਐਤਵਾਰਾਂ ਤੇ ਸਰਕਾਰੀ ਛੁੱਟੀਆਂ ਦੌਰਾਨ ਪਟਿਆਲਾ ਡਿਵੀਜ਼ਨ ਦੇ ਕੁਝ ਡਾਕਘਰ ਆਮ ਲੋਕਾਂ ਦੀ ਸਹੂਲਤ ਲਈ ਖੁੱਲ੍ਹੇ ਰਹਿਣਗੇ। ਇਸ ਦੌਰਾਨ ਇਨ੍ਹਾਂ ਡਾਕਘਰਾਂ ਵਿਚ ਰੱਖੜੀਆਂ, ਪਾਰਸਲ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਦੇ ਨਾਲ-ਨਾਲ ਆਧਾਰ ਨਾਮਾਂਕਨ ਤੇ ਆਧਾਰ ਅਪਡੇਟ ਦੀਆਂ ਸੇਵਾਵਾਂ ਵੀ ਉਪਲੱਬਧ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਡਿਵੀਜ਼ਨ ਦੇ ਡਾਕਘਰ ਦੇ ਸੁਪਰਡੈਂਟ ਮੋਨਿਕਾ ਨੇ ਦੱਸਿਆ ਕਿ ਰੱਖੜੀ ਦੇ ਸਬੰਧ ’ਚ ਪਟਿਆਲਾ ਡਿਵੀਜ਼ਨ ਦੇ ਖੁੱਲ੍ਹੇ ਰਹਿਣ ਵਾਲੇ ਡਾਕਘਰਾਂ ’ਚ ਪੋਸਟ ਆਫਿਸ ਸਰਹਿੰਦ, ਪੋਸਟ ਆਫਿਸ ਸਮਾਣਾ, ਪੋਸਟ ਆਫਿਸ ਨਾਭਾ, ਪੋਸਟ ਆਫਿਸ ਮੰਡੀ ਗੋਬਿੰਦਗੜ੍ਹ, ਪੋਸਟ ਆਫਿਸ ਪਾਤੜਾਂ, ਮੁੱਖ ਡਾਕਘਰ ਪਟਿਆਲਾ, ਮੁੱਖ ਡਾਕਘਰ ਰਾਜਪੁਰਾ ਆਦਿ 15 ਜੁਲਾਈ ਤੋਂ 28 ਅਗਸਤ ਤੱਕ ਆਉਣ ਵਾਲੇ ਸਾਰੇ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਦੌਰਾਨ ਖੁੱਲ੍ਹੇ ਰਹਿਣਗੇ।
ਸੁਪਰਡੈਂਟ ਮੋਨਿਕਾ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੱਖੜੀਆਂ, ਤੋਹਫ਼ੇ ਤੇ ਹੋਰ ਡਾਕ ਸਮੱਗਰੀ ਭੇਜਣ ਲਈ ਇੰਡੀਆ ਪੋਸਟ ਦੀ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਅਤੇ ਹੋਰ ਡਾਕ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਭਾਰਤੀ ਡਾਕ ਆਪਣੇ ਗਾਹਕਾਂ ਨੂੰ ਸਮੇਂ ਸਿਰ, ਸੁਰੱਖਿਅਤ, ਭਰੋਸੇਯੋਗ ਤੇ ਕਿਫ਼ਾਇਤੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਰੱਖੜੀ ਦੇ ਤਿਉਹਾਰ ਮੌਕੇ ਹਰ ਸੰਭਵ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਡਿਵੀਜ਼ਨ ਅਧੀਨ ਸਾਰੇ ਬਰਾਂਚ ਡਾਕਘਰਾਂ ਵਿਚ ਵੀ ਰੱਖੜੀਆਂ ਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਪੇਂਡੂ ਖੇਤਰਾਂ ਦੇ ਨਾਗਰਿਕਾਂ ਨੂੰ ਆਪਣੇ ਨੇੜਲੇ ਡਾਕਘਰ ਤੋਂ ਹੀ ਇਹ ਸਹੂਲਤ ਪ੍ਰਾਪਤ ਹੋ ਸਕੇ।
-ਅਧਾਰ ਵੀ ਅਪਡੇਟ ਹੋਣਗੇ ਡਾਕਘਰਾਂ ’ਚ : ਸੁਪਰਡੈਂਟ
ਸੁਪਰਡੈਂਟ ਮੋਨਿਕਾ ਨੇ ਇਹ ਵੀ ਦੱਸਿਆ ਕਿ ਪਟਿਆਲਾ ਮੁੱਖ ਡਾਕਘਰ ਤੇ ਰਾਜਪੁਰਾ ਮੁੱਖ ਡਾਕਘਰ ਵਿਚ ਆਧਾਰ ਨਾਮਾਂਕਨ ਤੇ ਆਧਾਰ ਅਪਡੇਟ ਦੀ ਸਹੂਲਤ ਰੋਜ਼ਾਨਾ ਸਵੇਰੇ 7:30 ਤੋਂ ਸ਼ਾਮ 7:30 ਵਜੇ ਤੱਕ ਉਪਲਬਧ ਹੈ, ਜਿਸਦਾ ਆਮ ਲੋਕ ਵੱਧ ਤੋਂ ਵੱਧ ਲਾਭ ਉਠਾਉਣ। ਗਾਹਕਾਂ ਦੀ ਵਧੇਰੇ ਸਹੂਲਤ ਲਈ ਡਾਕਘਰਾਂ ਵਿਚ ਪਾਰਸਲ ਪੈਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਇਸ ਦੇ ਨਾਲ ਹੀ ਵਾਟਰ ਪਰੂਫ, ਸੈਲਫ਼ ਐਡਹੀਸਿਵ, ਆਕਰਸ਼ਕ ਰੰਗੀਨ ਵਿਸ਼ੇਸ਼ ਰੱਖੜੀ ਲਿਫ਼ਾਫੇ ਅਤੇ ਵਿਸ਼ੇਸ਼ ਰੱਖੜੀ ਬਾਕਸ ਵੀ ਡਾਕਘਰਾਂ ਵਿੱਚ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਗਾਹਕ ਆਪਣੀਆਂ ਰੱਖੜੀਆਂ ਅਤੇ ਤੋਹਫ਼ਿਆਂ ਨੂੰ ਸੁਰੱਖਿਅਤ ਢੰਗ ਨਾਲ ਭੇਜ ਸਕਦੇ ਹਨ।