ਖੁੱਲ੍ਹੇ ਮੀਟਰ ਬਕਸੇ ਤੇ ਨੰਗੀਆਂ ਬਿਜਲੀ ਤਾਰਾਂ ਹਾਦਸਿਆਂ ਨੂੰ ਦੇ ਰਹੀਆਂ ਸੱਦਾ ਖੁੱਲ੍ਹੇ ਮੀਟਰ ਬਕਸੇ ਤੇ ਨੰਗੀਆਂ ਬਿਜਲੀ ਤਾਰਾਂ ਹਾਦਸਿਆਂ ਨੂੰ ਦੇ ਰਹੀਆਂ ਸੱਦਾ
Publish Date: Tue, 04 Aug 2026 04:28 PM (IST)
Updated Date: Wed, 05 Aug 2026 04:02 AM (IST)
ਕੁੰਭਕਰਨੀ ਨੀਂਦ ਸੁੱਤਾ ਪਾਵਰਕਾਮ, ਹਾਦਸਾ ਹੋਇਆ ਤਾਂ ਜਿੰਮੇਵਾਰ ਕੌਣ? ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਨੇੜ੍ਹਲੇ ਪਿੰਡ ਨੌਧਰਾਣੀ ਸਮੇਤ ਇਲਾਕੇ ਦੇ ਕਈ ਪਿੰਡਾਂ ’ਚ ਬਿਜਲੀ ਦੇ ਖੰਭਿਆਂ ’ਤੇ ਲੱਗੇ ਮੀਟਰ ਬਕਸਿਆਂ ਦੇ ਖੁੱਲ੍ਹੇ ਢੱਕਣ ਤੇ ਨੰਗੀਆਂ ਬਿਜਲੀ ਤਾਰਾਂ ਲੋਕਾਂ ਲਈ ਗੰਭੀਰ ਖ਼ਤਰਾ ਬਣੀਆਂ ਹੋਈਆਂ ਹਨ। ਬਰਸਾਤ ਦੇ ਮੌਸਮ ’ਚ ਇਹ ਹਾਲਾਤ ਹੋਰ ਵੀ ਚਿੰਤਾਜਨਕ ਹੋ ਜਾਂਦੇ ਹਨ, ਕਿਉਂਕਿ ਨਮੀ ਤੇ ਪਾਣੀ ਕਾਰਨ ਕਿਸੇ ਵੀ ਵੇਲੇ ਕਰੰਟ ਲੱਗਣ ਵਰਗਾ ਭਿਆਨਕ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਬਿਜਲੀ ਦੇ ਵੱਡੇ ਮੀਟਰ ਬਕਸਿਆਂ ਦੇ ਢੱਕਣ ਟੁੱਟੇ ਜਾਂ ਖੁੱਲ੍ਹੇ ਪਏ ਹਨ, ਜਦਕਿ ਅੰਦਰ ਲੱਗੇ ਮੀਟਰਾਂ ਅਤੇ ਕੇਬਲਾਂ ਦੇ ਜੋੜ ਵੀ ਨੰਗੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ’ਤੇ ਥਾਂ-ਥਾਂ ਕੀਤੇ ਗਏ ਅਸਥਾਈ ਜੋੜ ਵੀ ਹਾਦਸਿਆਂ ਦੀ ਸੰਭਾਵਨਾ ਨੂੰ ਵਧਾ ਰਹੇ ਹਨ। ਖਪਤਕਾਰ ਮਹਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ, ਜੋਗਿੰਦਰ ਸਿੰਘ, ਸੰਦੀਪ ਸਿੰਘ, ਹੰਸਾ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਅਤੇ ਬਿਜਲੀ ਪ੍ਰਬੰਧ ਨੂੰ ਆਧੁਨਿਕ ਬਣਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਪਿੰਡਾਂ ਵਿੱਚ ਅੱਜ ਵੀ ਜਰਜਰ ਤਾਰਾਂ, ਨੰਗੇ ਜੋੜ ਅਤੇ ਖੁੱਲ੍ਹੇ ਮੀਟਰ ਬਕਸੇ ਵਿਭਾਗ ਦੀ ਲਾਪਰਵਾਹੀ ਦੀ ਗਵਾਹੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖੰਭਿਆਂ ਤੇ ਲੱਗੀਆਂ ਕਈ ਤਾਰਾਂ ਪੁਰਾਣੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਸਮੇਂ ਸਿਰ ਤਬਦੀਲੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਸ਼ੇਰਪੁਰ ਬਲਾਕ ਦੇ ਪਿੰਡ ਕਾਲਾਬੂਲਾ ਵਿੱਚ ਵੀ ਬਿਜਲੀ ਤਾਰਾਂ ਦੇ ਨੰਗੇ ਜੋੜ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਹ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਸਥਾਈ ਹੱਲ ਕਰਨ ਦੀ ਬਜਾਏ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜਦਕਿ ਹਾਲੇ ਵੀ ਪਿੰਡਾਂ ਦੀਆਂ ਗਲੀਆਂ ਅੰਦਰ ਨੰਗੇ ਜੋੜਾ ਦੀਆਂ ਬਿਜਲੀ ਤਾਰਾਂ ਲਮਕ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸੰਭਾਵੀ ਹਾਦਸਿਆਂ ਨੂੰ ਟਾਲਣ ਲਈ ਖੁੱਲ੍ਹੇ ਮੀਟਰ ਬਕਸਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ, ਨੰਗੀਆਂ ਤਾਰਾਂ ਅਤੇ ਜੋੜਾਂ ਨੂੰ ਬਦਲਿਆ ਜਾਵੇ ਅਤੇ ਜਰਜਰ ਬਿਜਲੀ ਲਾਈਨਾਂ ਦੀ ਜੰਗੀ ਪੱਧਰ ਤੇ ਮੁਰੰਮਤ ਕਰਵਾਈ ਜਾਵੇ। ਬਿਜਲੀ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ : ਐੱਸਡੀਓ ਪਾਵਰਕਾਮ ਮਾਲੇਰਕੋਟਲਾ ਦੇ ਐੱਸਡੀਓ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋ ਪਿੰਡਾਂ ਵਿੱਚ ਬਿਜਲੀ ਲਾਈਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿੱਥੇ ਵੀ ਨੰਗੇ ਜੋੜ, ਖਰਾਬ ਤਾਰਾਂ ਜਾਂ ਖੁੱਲ੍ਹੇ ਮੀਟਰ ਬਕਸਿਆਂ ਦੀ ਜਾਣਕਾਰੀ ਮਿਲ ਰਹੀ ਹੈ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ਤੇ ਠੀਕ ਕੀਤਾ ਜਾ ਰਿਹਾ ਹੈ। ਵਿਭਾਗ ਨੇ ਲੋਕਾਂ ਨੂੰ ਵੀ ਅਜਿਹੀਆਂ ਥਾਵਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਖਰਾਬੀ ਦੀ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ।