- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ :
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਚਲਾਈ ਜਾ ਰਹੀ ਸੱਚਖੰਡ ਐਕਸਪ੍ਰੈੱਸ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਰੇਲਗੱਡੀ ’ਚ ਸਫ਼ਾਈ ਦੀ ਮਾੜੀ ਵਿਵਸਥਾ, ਪਖਾਨਿਆਂ ਦੀਆਂ ਬੰਦ ਫਲੱਸ਼ਾਂ, ਪੀਣ ਵਾਲੇ ਪਾਣੀ ਦੀ ਘਾਟ ਤੇ ਰੇਲਗੱਡੀ ਦੀ ਦੇਰੀ ਨਾਲ ਆਵਾਜਾਈ ਵਰਗੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਦੇ ਆਗੂ ਸੁਖਜੀਤ ਸਿੰਘ ਬਘੌਰਾ ਨੇ ਰੇਲਵੇ ਵਿਭਾਗ ਦੇ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਸੱਚਖੰਡ ਐਕਸਪ੍ਰੈੱਸ ਸਿਰਫ਼ ਇਕ ਆਮ ਯਾਤਰੀ ਰੇਲਗੱਡੀ ਨਹੀਂ, ਸਗੋਂ ਦੇਸ਼ ਭਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਨਤਮਸਤਕ ਹੋਣ ਲਈ ਜਾਣ ਵਾਲੀਆਂ ਹਜ਼ਾਰਾਂ ਸੰਗਤਾਂ ਦੇ ਸਫ਼ਰ ਦਾ ਅਹਿਮ ਸਾਧਨ ਹੈ। ਇਸ ਰੇਲਗੱਡੀ ਰਾਹੀਂ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਲੰਮਾ ਸਫ਼ਰ ਤੈਅ ਕਰਦੇ ਹਨ। ਅਜਿਹੇ ’ਚ ਮੁੱਢਲੀਆਂ ਸਹੂਲਤਾਂ ਦੀ ਘਾਟ ਉਨ੍ਹਾਂ ਲਈ ਹੋਰ ਵੀ ਮੁਸ਼ਕਲਾਂ ਪੈਦਾ ਕਰਦੀ ਹੈ। ਬਘੌਰਾ ਨੇ ਰੇਲਗੱਡੀ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਵੀ ਮਜ਼ਬੂਤ ਕਰਨ ਦੀ ਲੋੜ ਦੱਸਦਿਆਂ ਕਿਹਾ ਕਿ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਜਵਾਨਾਂ ਦੀ ਲਗਾਤਾਰ ਗਸ਼ਤ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਯਾਤਰੀਆਂ ਨੂੰ ਰਾਤ ਸਮੇਂ ਅਤੇ ਲੰਮੇ ਸਫ਼ਰ ਦੌਰਾਨ ਆਪਣੇ ਬੈਗਾਂ, ਮੋਬਾਈਲ ਫੋਨਾਂ, ਨਕਦੀ ਅਤੇ ਹੋਰ ਕੀਮਤੀ ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਰਹਿੰਦੀ ਹੈ। ਇਸ ਲਈ ਸੁਰੱਖਿਆ ਮੁਲਾਜ਼ਮਾਂ ਦੀ ਮੌਜੂਦਗੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਰੇਲਗੱਡੀ ਦੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲਣ ਕਾਰਨ ਸ਼ਰਧਾਲੂਆਂ ਦੀ ਅਗਲੀ ਯਾਤਰਾ ਅਤੇ ਧਾਰਮਿਕ ਪ੍ਰੋਗਰਾਮ ਵੀ ਪ੍ਰਭਾਵਿਤ ਹੁੰਦੇ ਹਨ। ਰੇਲਵੇ ਵਿਭਾਗ ਨੂੰ ਸਮੇਂ ਸਿਰ ਆਵਾਜਾਈ ਯਕੀਨੀ ਬਣਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕੋਚਾਂ ਦੀ ਨਿਯਮਤ ਜਾਂਚ ਕਰਕੇ ਖ਼ਰਾਬ ਫਲੱਸ਼ਾਂ ਅਤੇ ਪਖਾਨਿਆਂ ਦੀ ਮੁਰੰਮਤ ਕਰਵਾਈ ਜਾਵੇ, ਸਫ਼ਾਈ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਸੁਧਾਰੇ ਜਾਣ ਤੇ ਆਰਪੀਐੱਫ ਦੀ ਗਸ਼ਤ ਵਧਾਈ ਜਾਵੇ। ਉਨ੍ਹਾਂ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਰੇਲਗੱਡੀ ਦਾ ਨਿਰੀਖਣ ਕਰਕੇ ਯਾਤਰੀਆਂ ਦੀਆਂ ਸਮੱਸਿਆਵਾਂ ਜਾਣਨ ਤੇ ਸੰਗਤ ਲਈ ਸੁਰੱਖਿਅਤ ਤੇ ਸੁਖਦਾਇਕ ਸਫ਼ਰ ਯਕੀਨੀ ਬਣਾਉਣ।