3 ਚੋਰੀਸ਼ੁਦਾ ਮੋਟਰਸਾਈਕਲਾਂ ਤੇ ਨਕਦੀ ਸਣੇ ਇੱਕ ਕਾਬੂ 3 ਚੋਰੀਸ਼ੁਦਾ ਮੋਟਰਸਾਈਕਲ ’ਤੇ 2 ਹਜ਼ਾਰ ਸਮੇਤ ਇੱਕ ਕਾਬੂ
Publish Date: Wed, 07 Oct 2026 03:45 PM (IST)
Updated Date: Thu, 08 Oct 2026 04:02 AM (IST)
ਸੱਤਪਾਲ ਕਾਲਾਬੂਲਾ/ ਰਣਵੀਰ ਰਾਣਾ, ਮਾਲੇਰਕੋਟਲਾ/ ਅਮਰਗੜ੍ਹ : ਪੁਲਿਸ ਵੱਲੋਂ ਸਨੈਚਿੰਗ ਅਤੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਅਤੇ ਇਨ੍ਹਾਂ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਪਾਸੋਂ 2,000 ਰੁਪਏ ਦੀ ਨਕਦੀ ਅਤੇ 3 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵਲੀ ਵਾਸੀ ਸਦਰਾਬਾਦ ਨੌਸ਼ਹਿਰਾ ਵਜੋਂ ਹੋਈ ਹੈ। ਇਹ ਕਾਰਵਾਈ ਐੱਸਐੱਸਪੀ ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐੱਸਪੀ ਸਬ-ਡਿਵੀਜ਼ਨ ਅਮਰਗੜ੍ਹ ਸੰਜੀਵ ਕਪੂਰ ਦੀ ਅਗਵਾਈ ਹੇਠ ਏਐਸਆਈ ਹਰਜਿੰਦਰ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਗਈ। ਪੁਲਿਸ ਅਨੁਸਾਰ ਪਹਿਲਾਂ ਦਰਜ ਸਨੈਚਿੰਗ ਦੇ ਇੱਕ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਮੁਲਜ਼ਮ ਪਾਸੋਂ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ। ਜਾਂਚ ਦੌਰਾਨ ਉਕਤ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਇਸ ਉਪਰੰਤ ਮੁਲਜ਼ਮ ਤੋਂ ਕੀਤੀ ਗਈ ਪੁੱਛਗਿੱਛ ਅਤੇ ਉਸ ਦੀ ਨਿਸ਼ਾਨਦੇਹੀ ਦੇ ਆਧਾਰ ’ਤੇ ਦੋ ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ। ਤਫ਼ਤੀਸ਼ ਦੌਰਾਨ ਮੁਲਜ਼ਮ ਵੱਲੋਂ ਪੰਜ ਹੋਰ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਸਬੰਧੀ ਖੁਲਾਸਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਵਾਰਦਾਤਾਂ ਦੀ ਤਸਦੀਕ ਤੇ ਸਬੰਧਤ ਮਾਮਲਿਆਂ ਨਾਲ ਜੋੜਨ ਸਬੰਧੀ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਬਰਾਮਦਗੀਆਂ ਅਤੇ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਸਬੰਧੀ ਵੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।