- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤੀ ਯੋਗ ਵੇਦਾਂਤ ਸੰਤ ਸੰਮੇਲਨ ਦੇ ਤੀਜੇ ਦਿਨ ਸੰਤਾਂ ਨੇ ਯੋਗ, ਸੇਵਾ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਗਤੀ ਯੋਗ ਵੇਦਾਂਤ ਸੰਤ ਸੰਮੇਲਨ ਦੇ ਤੀਜੇ ਦਿਨ ਸਵੇਰ ਦੇ ਸੈਸ਼ਨ ਵਿਚ ਯੋਗ ਸਾਧਨਾ ਕਰਵਾਈ ਗਈ। ਯੋਗਾਚਾਰੀਆ ਅਸ਼ੋਕ ਰਾਣਾ ਨੇ ਵਿਸ਼ੇਸ਼ ਯੋਗ ਸੈਸ਼ਨ ਕਰਵਾਇਆ, ਜਦਕਿ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਟਰੱਸਟੀ ਪੂਜਨੀਕ ਯੁਗਪੁਰਸ਼ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ, ਹਰਿਦੁਆਰ ਨੇ ਧਿਆਨ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਮਨ ਵਿਸ਼ਿਆਂ ਤੋਂ ਮੁਕਤ ਹੋ ਜਾਂਦਾ ਹੈ। ਵ੍ਰਿੰਦਾਵਨ ਤੋਂ ਪਹੁੰਚੇ ਮਹਾਮੰਡਲੇਸ਼ਵਰ ਸਵਾਮੀ ਵੇਦਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਮਨੁੱਖ ਨੂੰ ਕਰਮ ਕਰਨ ਦਾ ਉਪਦੇਸ਼ ਦਿੰਦੇ ਹਨ ਅਤੇ ਰਾਧਾ ਜੀ ਉਨ੍ਹਾਂ ਦੀ ਸ਼ਕਤੀ ਹਨ। ਹਰਿਦੁਆਰ ਤੋਂ ਆਏ ਸਵਾਮੀ ਨਿਰਭਯਾਨੰਦ ਜੀ ਨੇ ਕਿਹਾ ਕਿ ਸੱਚ ਹੀ ਪਰਮਾਤਮਾ ਦਾ ਸਰੂਪ ਹੈ। ਮਨੁੱਖ ਨੂੰ ਆਪਣਾ ਅਸਲ ਸਰੂਪ ਜਾਣਨ ਲਈ ਇਹ ਮਨੁੱਖਾ ਜਨਮ ਮਿਲਿਆ ਹੈ। ਮਵਈ ਧਾਮ, ਫਤਿਹਪੁਰ ਤੋਂ ਆਏ ਸਵਾਮੀ ਚੇਤਨਾਨੰਦ ਜੀ ਨੇ ਕਿਹਾ ਕਿ ਸੇਵਾ ਹੀ ਮਨੁੱਖ ਦਾ ਪਰਮ ਧਰਮ ਹੈ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੀ ਪਰਮਾਤਮਾ ਦੀ ਸੇਵਾ ਹੈ। ਅਖੰਡ ਪਰਮ ਧਾਮ ਦੇ ਉੱਤਰਾਧਿਕਾਰੀ ਮਹਾਮੰਡਲੇਸ਼ਵਰ ਸਵਾਮੀ ਜਯੋਤਿਰਮਯਾਨੰਦ ਗਿਰੀ ਜੀ ਮਹਾਰਾਜ ਨੇ ਪੰਜਾਬ ਵਿਚ ਨਸ਼ਾ ਮੁਕਤੀ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਟਰੱਸਟੀ ਮਹਾਮੰਡਲੇਸ਼ਵਰ ਯੁਗਪੁਰਸ਼ ਸਵਾਮੀ ਪਰਮਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਪਰਮਾਤਮਾ ਨਿਰਗੁਣ ਤੇ ਸਰਗੁਣ ਦੋਵਾਂ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਨਿਰਾਕਾਰ ਸਰੂਪ ਦੀ ਵਿਆਖਿਆ ਕੀਤੀ ਗਈ ਹੈ ਅਤੇ ਗੁਰੂ ਦੇ ਗਿਆਨ ਰਾਹੀਂ ਹੀ ਮੁਕਤੀ ਦਾ ਮਾਰਗ ਪ੍ਰਾਪਤ ਹੁੰਦਾ ਹੈ। ਉਨ੍ਹਾਂ ਪੰਜਾਬ ਦੀ ਧਰਤੀ ਨੂੰ ਮਹਾਨ ਦੱਸਦਿਆਂ ਕਿਹਾ ਕਿ ਇੱਥੇ ਗੁਰੂਆਂ ਨੇ ਜਨਮ ਲਿਆ ਹੈ। ਸੰਮੇਲਨ ਵਿਚ ਗ੍ਰੀਨਮੈਨ ਭਗਵਾਨ ਦਾਸ ਜੁਨੇਜਾ, ਸੰਯੋਜਿਕਾ ਮਾਇਆ ਗੁਪਤਾ, ਰਿਤੂ ਧੀਮਾਨ, ਅਖੰਡ ਪਰਮ ਧਾਮ ਕਮੇਟੀ ਪਟਿਆਲਾ ਦੇ ਪ੍ਰਧਾਨ ਚਮਨ ਲਾਲ ਗਰਗ, ਮੋਹਨ ਲਾਲ ਵਰਮਾ, ਸੰਜੀਵ ਸ਼ਰਮਾ, ਸਤਪਾਲ ਗੋਇਲ, ਚਰਨਦਾਸ ਸ਼ਰਮਾ, ਮੱਖਣ ਲਾਲ, ਮੋਹਨ ਦਾਸ, ਕਮੇਟੀ ਦੇ ਚੇਅਰਮੈਨ ਮਨੋਜ ਗੁਪਤਾ, ਸੇਵਾਮੁਕਤ ਚੀਫ਼ ਇੰਜੀਨੀਅਰ ਰਾਜਿੰਦਰ ਗੋਇਲ ਅਤੇ ਭਗਤਾ ਸਿੰਘ ਭੰਡਾਰੀ ਸਮੇਤ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸੰਤਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ।