- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਏ ਗਰਮੀ! ਪੱਖੇ-ਕੂਲਰ ਹੋਏ ਬੇਅਸਰ, ਹੁੰਮਸ ਨੇ ਵਧਾਈ ਪ੍ਰੇਸ਼ਾਨੀ

ਵਾਰ-ਵਾਰ ਲੱਗ ਰਹੇ ਨੇ ਬਿਜਲੀ ਕੱਟ
ਦਿਨ ਨੂੰ ਚੈਨ ਨਹੀਂ, ਰਾਤ ਨੂੰ ਅਰਾਮ ਨਹੀਂ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ
ਸਾਉਣ ਦਾ ਮਹੀਨਾ ਬਾਰਿਸ਼ਾਂ ਵਾਲਿਆ ਮੰਨਿਆ ਜਾਂਦਾ ਹੈ, ਪ੍ਰੰਤੂ ਚਾਰ ਸਾਉਣ ਲੰਘਣ ਦੇ ਬਾਵਜੂਦ ਹਾਲੇ ਤੱਕ ਬਾਰਿਸ਼ ਦਾ ਨਾ ਹੋਣਾ ਕੋਈ ਚੰਗਾ ਸੰਕੇਤ ਨਹੀ ਹੈ। ਇਨੀਂ ਦਿਨੀਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਪੱਖੇ-ਕੂਲਰ ਵੀ ਬੇਅਸਰ ਕਰ ਦਿੱਤੇ ਹਨ। ਅੱਤ ਦੀ ਗਰਮੀ ਤੇ ਉੱਤੋਂ ਬਿਜਲੀ ਕੱਟਾਂ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਗਰਮੀ ਕਾਰਨ ਜਿੱਥੇ ਲੋਕਾਂ ਨੂੰ ਦਿਨ ਸਮੇਂ ਚੈਨ ਨਹੀਂ ਮਿਲ ਰਿਹਾ, ਉੱਥੇ ਹੀ ਰਾਤ ਸਮੇਂ ਲੱਗਣ ਵਾਲੇ ਵਾਰ-ਵਾਰ ਬਿਜਲੀ ਕੱਟਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੇ ਘੱਟੋ-ਘੱਟ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਵਿੱਚ ਬਾਰਿਸ਼ ਹੋਣ ਦੇ ਅਸਾਰ ਹਨ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋ ਗਰਮੀ ਤੇ ਹੁੰਮਸ ਵਧਣ ਕਾਰਨ ਇਨਸਾਨ ਹੀ ਨਹੀਂ, ਪਸ਼ੂ ਪੰਛੀ ਵੀ ਪ੍ਰੇਸ਼ਾਨ ਹੋ ਹਨ। ਹਾਲਾਤ ਇਹ ਹਨ ਕਿ ਐਤਵਾਰ ਦਾ ਦਿਨ ਛੁੱਟੀ ਹੋਣ ਕਾਰਨ ਦੁਪਹਿਰ ਸਮੇ ਸ਼ਹਿਰ ਦੇ ਬਜ਼ਾਰ ਤੇ ਗਲੀਆਂ ਸੁੰਨੀਆਂ ਰਹੀਆਂ। ਗਰਮੀ ਕਾਰਨ ਲੋਕ ਘਰੋਂ ਬਾਹਰ ਨਹੀ ਨਿਕਲ ਰਹੇ। ਬਜ਼ਾਰ ਵਿੱਚ ਲੋਕਾਂ ਦੀ ਆਮਦ ਨਾ ਹੋਣ ਕਾਰਨ ਬਜ਼ਾਰ ਸੁੰਨੇ ਰਹੇ ਤੇ ਦੁਕਾਨਦਾਰਾਂ ਨੇ ਵਿਹਲੇ ਬੈਠਕੇ ਕੇ ਸਮਾਂ ਲੰਘਾਇਆ, ਜਿਸ ਕਾਰਨ ਉਨ੍ਹਾਂ ਦਾ ਕੰਮਕਾਜ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਦਾ ਪ੍ਰਕੋਪ ਇਨ੍ਹਾਂ ਜ਼ਿਆਦਾ ਹੈ ਕਿ ਪੱਖੇ-ਕੂਲਰ ਵੀ ਬੇਅਸਰ ਹੋ ਰਹੇ ਹਨ ਤੇ ਇਨ੍ਹਾਂ ਅੱਗੇ ਬੈਠਿਆਂ ਵੀ ਲੋਕਾਂ ਦੇ ਪਸੀਨੇ ਨਿਕਲ ਰਹੇ ਹਨ। ਗਰਮੀ ਤੋਂ ਬਚਾਅ ਲਈ ਲੋਕ ਠੰਢੀਆਂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਜੂਸ, ਆਈਸਕ੍ਰੀਮ ਤੇ ਹੋਰ ਠੰਢੀਆਂ ਚੀਜ਼ਾਂ ਦੀ ਵਿਕਰੀ ਵਿਚ ਵਾਧਾ ਹੋ ਗਿਆ ਹੈ, ਜਿਸ ਕਾਰਨ ਇਨ੍ਹਾਂ ਕੰਮਾਂ ਨਾਲ ਜੁੜੇ ਲੋਕਾਂ ਦੀ ਚੰਗੀ ਆਮਦਨ ਹੋ ਰਹੀ ਹੈ।
ਦੂਜੇ ਪਾਸੇ, ਪਾਵਰਕਾਮ ਵੱਲੋਂ ਰਾਤ ਸਮੇ ਲਾਏ ਜਾ ਰਹੇ ਬਿਜਲੀ ਕੱਟਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਹੋਰ ਵਧਾ ਦਿੱਤੀਆਂ ਹਨ। ਰਾਤ ਨੂੰ ਕਈ ਵਾਰ ਬਿਜਲੀ ਦਾ ਆਉਣਾ-ਜਾਣਾ ਲੱਗਿਆ ਰਹਿਣ ਕਾਰਨ ਲੋਕਾਂ ਦੀ ਰਾਤ ਦੀ ਨੀਂਦ ਹਰਾਮ ਹੋ ਗਈ ਹੈ। ਸੁੰਦਰ ਬਸਤੀ ਨਿਵਾਸੀ ਸੁਖਵਿੰਦਰ ਸਿੰਘ ਤੇ ਦਪਿੰਦਰ ਸਿੰਘ ਨੇ ਦੱਸਿਆ ਕਿ ਦਿਨ ਸਮੇਂ ਕੰਮ ਕਰਕੇ ਥੱਕ-ਟੁੱਟ ਕੇ ਘਰੇ ਆਉਂਦੇ ਹਾਂ, ਪ੍ਰੰਤੂ ਬਿਜਲੀ ਦੇ ਕੱਟਾਂ ਕਾਰਨ ਰਾਤ ਨੂੰ ਅਰਾਮ ਨਹੀਂ ਮਿਲਦਾ। ਰਾਤ ਵੇਲੇ ਕਈ ਵਾਰ ਬਿਜਲੀ ਦੇ ਕੱਟ ਲੱਗਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜ਼ਿਆਦਾ ਪ੍ਰੇਸ਼ਾਨੀ ਬੱਚਿਆਂ ਤੇ ਬਜ਼ੁਰਗਾਂ ਨੂੰ ਹੋ ਰਹੀ ਹੈ।