‘ਏਸਮਾ’ ਦੀ ਚੇਤਾਵਨੀ ਦੇ ਬਾਵਜੂਦ ਨਰਸਾਂ ਧਰਨੇ ’ਤੇ ਡਟੀਆਂ
‘‘ਏਸਮਾ’’ ਦੀ ਚੇਤਾਵਨੀ ਦੇ ਬਾਵਜੂਦ ਨਰਸਾਂ ਧਰਨੇ ’ਤੇ ਡਟੀਆਂ; ਹੜਤਾਲ ਚੌਥੇ ਦਿਨ ਵੀ ਜਾਰੀ
Publish Date: Sun, 29 Mar 2026 06:40 PM (IST)
Updated Date: Sun, 29 Mar 2026 06:41 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਯੂਨਾਈਟਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਨਰਸਿੰਗ ਕੇਡਰ ਦੀ ਚੱਲ ਰਹੀ ਹੜਤਾਲ ਐਤਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਇਹ ਸੰਘਰਸ਼ ਨਰਸਿੰਗ ਸਟਾਫ ਵੱਲੋਂ ਆਪਣੀ 4600 ਗ੍ਰੇਡ ਪੇ ਦੀ ਬਹਾਲੀ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਨਰਸਿੰਗ ਸਟਾਫ ਵੱਲੋਂ ਸਰਕਾਰ ਖ਼ਿਲਾਫ਼ ਆਪਣੇ ਲੰਬੇ ਸਮੇਂ ਤੋਂ ਲਟਕ ਰਹੇ ਮਸਲਿਆਂ ਨੂੰ ਅਣਡਿੱਠਾ ਕਰਨ ਦੇ ਵਿਰੋਧ ਵਿਚ ਤਿੱਖਾ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਸਰਕਾਰ ਵੱਲੋਂ ਏਸਮਾ ਐਕਟ ਤਹਿਤ ਦੂਜੀ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਹੜਤਾਲ ਜਾਰੀ ਰਹੀ ਤਾਂ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਨਰਸਿੰਗ ਕੇਡਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕਣਗੇ। ਯੂਨਾਈਟਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ‘ਏਸਮਾ’ ਤਹਿਤ ਧਮਕੀਆਂ ਦੇ ਕੇ ਕਰਮਚਾਰੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਇਕ ਲੋਕਤਾਂਤਰਿਕ ਸਮਾਜ ਵਿਚ ਕਤਈ ਕਬੂਲਯੋਗ ਨਹੀਂ ਹੈ। ਇਹ ਕਦਮ ਕਰਮਚਾਰੀਆਂ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਇਨਸਾਫ਼ ਅਤੇ ਬਰਾਬਰੀ ਦੇ ਸਿਧਾਂਤਾਂ ਦੀ ਅਣਦੇਖੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮਰੀਜ਼ਾਂ ਦੀ ਸੁਰੱਖਿਆ ਅਤੇ ਕਾਨੂੰਨੀ ਜ਼ਿੰਮੇਵਾਰੀ ਨੂੰ ਲੈ ਕੇ ਗੰਭੀਰ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਗਈਆਂ। ਇਹ ਗੱਲ ਉਜਾਗਰ ਕੀਤੀ ਗਈ ਕਿ ਹਸਪਤਾਲਾਂ ਵਿਚ ਅਕੇਲੇ ਡਿਊਟੀ ਕਰ ਰਹੇ ਉਹ ਵਿਦਿਆਰਥੀ ਜੋ ਸਟੇਟ ਨਰਸਿੰਗ ਕੌਂਸਲ ਨਾਲ ਰਜਿਸਟਰਡ ਨਹੀਂ ਹਨ, ਕਾਨੂੰਨੀ ਤੌਰ ’ਤੇ ਇੰਜੈਕਸ਼ਨ ਲਗਾਉਣ, ਇਨਵੇਸਿਵ ਜਾਂ ਜੀਵਨ ਬਚਾਉਣ ਵਾਲੀਆਂ ਪ੍ਰਕਿਰਿਆਵਾਂ ਕਰਨ ਜਾਂ ਐਮਰਜੈਂਸੀ ਅਤੇ ਕਰਿਟੀਕਲ ਕੇਅਰ ਮਾਮਲਿਆਂ ਨੂੰ ਖੁਦ ਸੰਭਾਲਣ ਦੇ ਅਧਿਕਾਰ ਨਹੀਂ ਰੱਖਦੇ। ਵਿਦਿਆਰਥੀਆਂ ਨੂੰ ਬਿਨਾਂ ਨਿਗਰਾਨੀ ਦੇ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦੇਣਾ ਪੇਸ਼ਾਵਰ ਅਤੇ ਨੈਤਿਕ ਮਿਆਰਾਂ ਦੀ ਉਲੰਘਣਾ ਹੈ, ਜੋ ਮਰੀਜ਼ਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ ਅਤੇ ਕਿਸੇ ਵੀ ਅਣਚਾਹੀ ਘਟਨਾ ਦੀ ਸੂਰਤ ਵਿੱਚ ਸੰਸਥਾਵਾਂ ਨੂੰ ਕਾਨੂੰਨੀ ਜ਼ਿੰਮੇਵਾਰੀ ਵਿਚ ਲਿਆਉਂਦਾ ਹੈ। ਕਲੀਨਿਕਲ ਟ੍ਰੇਨਿੰਗ ਸਿਰਫ਼ ਸਿੱਖਣ, ਨਿਗਰਾਨੀ ਅਤੇ ਯੋਗਤਾ-ਅਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਨਿਯਮਤ ਸਟਾਫ ਦੀ ਘਾਟ ਪੂਰੀ ਕਰਨ ਲਈ ਵਰਤੀ ਜਾਵੇ। ਇਹ ਨਰਸਿੰਗ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ।