ਨਰਸਾਂ ਦਾ ਧਰਨਾ ਜਾਰੀ, ਨਾਟਕੀ ਰੂਪ ’ਚ ਸੀਐੱਮ ਦੀ ਕੀਤੀ ਨਕਲ
ਨਰਸ਼ਾ ਦਾ ਧਰਨਾ ਜਾਰੀ, ਨਾਟਕੀ ਰੂਪ ’ਚ ਸੀਐਮ ਦੀ ਕੀਤੀ ਨਕਲ
Publish Date: Fri, 03 Apr 2026 06:52 PM (IST)
Updated Date: Fri, 03 Apr 2026 06:55 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ’ਚ ਸਟਾਫ ਨਰਸਿਜ ਦੀ ਚੱਲ ਰਹੀ ਹੜਤਾਲ ਨੌਵੇਂ ਦਿਨ ਵੀ ਪੂਰੀ ਇਕਜੁੱਟਤਾ ਨਾਲ ਜਾਰੀ ਰਹੀ। ਇਸ ਦੌਰਾਨ ਸਮੂਹ ਨਰਸਿੰਗ ਸਟਾਫ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਦਾ ਨਾਟਕੀ ਰੂਪ ਅਦਾਇਗੀ ਕੀਤੀ ਗਈ। ਇਸ ਨਾਟਕ ਰਾਹੀਂ ਇਹ ਦਰਸਾਇਆ ਗਿਆ ਕਿ ਕਿਵੇਂ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਹੁਣ ਪੂਰੇ ਨਹੀਂ ਕੀਤੇ ਜਾ ਰਹੇ। ਹੜਤਾਲੀ ਨਰਸਾਂ ਦਾ ਕਹਿਣਾ ਹੈ ਕਿ ਇਸ ਨਾਟਕੀ ਪ੍ਰਦਰਸ਼ਨ ਦਾ ਮਕਸਦ ਇਹ ਸੰਦੇਸ਼ ਦੇਣਾ ਸੀ ਕਿ ਸੂਬੇ ਵਿੱਚ ਮੁਲਾਜ਼ਮ ਵਰਗ ਦੀ ਸਥਿਤੀ ਬਹੁਤ ਹੀ ਨਾਜ਼ੁਕ ਬਣ ਚੁੱਕੀ ਹੈ ਅਤੇ ਉਹਨਾਂ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਦਸ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਨ੍ਹਾਂ ਨਾਲ ਕੋਈ ਵੀ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ‘ਤੇ ਕਾਇਮ ਦਿਖਾਈ ਦੇ ਰਹੀ ਹੈ ਅਤੇ ਸਟਾਫ ਨਰਸਿਜ ਦੀ 4600 ਗ੍ਰੇਡ ਪੇ ਦੀ ਹੱਕੀ ਮੰਗ ਤੋਂ ਵੀ ਮੁੰਹ ਮੋੜ ਰਹੀ ਹੈ। ਯੂਨਾਈਟਿਡ ਨਰਸਿਜ ਐਸੋਸੀਏਸ਼ਨ ਆਫ ਪੰਜਾਬ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਨਰਸਿੰਗ ਸਟਾਫ ਦੀਆਂ ਜਾਇਜ਼ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।