
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਿੰਨ ਰੋਜ਼ਾ ‘ਫਿਊਚਰ ਯੂਥ ਲੀਡਰਜ਼ ਬੂਟ ਕੈਂਪ’ ਸਮਾਪਤ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਮਾਈ ਯੁਵਾ ਭਾਰਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਰੋਜ਼ਾ ‘ਫਿਊਚਰ ਯੂਥ ਲੀਡਰਜ਼ ਬੂਟ ਕੈਂਪ’ ਯੂਨੀਵਰਸਿਟੀ ਕੈਂਪਸ ਵਿਖੇ ਸਫਲਤਾਪੂਰਵਕ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਵਿਚ ਡਾ. ਦਮਨ ਸੰਧੂ ਡੀਨ, ਇੰਟਰਨੈਸ਼ਨਲ ਸਟੂਡੈਂਟਸ ਤੇ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਸੰਧੂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਨੇ ਭਾਗੀਦਾਰਾਂ ਨੂੰ ਕੈਂਪ ਦੌਰਾਨ ਹਾਸਲ ਕੀਤੇ ਗਿਆਨ ਅਤੇ ਹੁਨਰਾਂ ਨੂੰ ਆਪਣੇ ਅਕਾਦਮਿਕ, ਪੇਸ਼ੇਵਰ ਤੇ ਸਮਾਜਿਕ ਜੀਵਨ ਵਿੱਚ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਐੱਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਦੱਸਿਆ ਕਿ ਇਸ ਬੂਟ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ ਦੇ ਗੁਣਾਂ ਦਾ ਵਿਕਾਸ ਕਰਨਾ ਅਤੇ ਉਹਨਾਂ ਨੂੰ ਸਮਾਜ ਅਤੇ ਰਾਸ਼ਟਰ ਨਿਰਮਾਣ ਵਿਚ ਜ਼ਿੰਮੇਵਾਰ ਤੇ ਸਰਗਰਮ ਯੋਗਦਾਨ ਪਾਉਣ ਲਈ ਤਿਆਰ ਕਰਨਾ ਸੀ। ਤਿੰਨ ਦਿਨਾਂ ਦੌਰਾਨ ਭਾਗੀਦਾਰਾਂ ਲਈ ਵੱਖ-ਵੱਖ ਲੀਡਰਸ਼ਿਪ ਡਿਵੈਲਪਮੈਂਟ ਸੈਸ਼ਨ, ਇੰਟਰਐਕਟਿਵ ਗਤੀਵਿਧੀਆਂ, ਟੀਮ ਬਿਲਡਿੰਗ ਐਕਸਰਸਾਈਜ਼, ਵਿਅਕਤੀਤਵ ਵਿਕਾਸ ਸੈਸ਼ਨ ਅਤੇ ਮਾਹਿਰਾਂ ਨਾਲ ਸੰਵਾਦ ਕਰਵਾਏ ਗਏ। ਇਸ ਮੌਕੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਭਾਗੀਦਾਰਾਂ ਨੇ ਵੀ ਕੈਂਪ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ। ਐੱਨਐੱਸਐੱਸ ਵਿਭਾਗ ਵੱਲੋਂ ਮਾਈ ਯੁਵਾ ਭਾਰਤ, ਸਰੋਤ ਵਿਅਕਤੀਆਂ, ਮਾਹਿਰਾਂ ਅਤੇ ਤਿੰਨ ਰੋਜ਼ਾ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ।