
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਕਿਯੂ ਉਗਰਾਹਾਂ ਵੱਲੋਂ ਪੱਕਾ ਮੋਰਚਾ ਸੁਰੂ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕੇਂਦਰਾਂ ’ਤੇ ਪੱਕੇ ਮੋਰਚੇ ਆਰੰਭ ਕੀਤੇ ਗਏ। ਇਸੇ ਲੜੀ ਤਹਿਤ ਪਟਿਆਲਾ ਵਿਖੇ ਮਿੰਨੀ ਸਕੱਤਰੇਤ ਦਫਤਰ ਦੇ ਅੱਗੇ ਪੱਕਾ ਮੋਰਚਾ ਲਗਾਇਆ ਗਿਆ। ਮੰਚ ਤੋਂ ਸੰਬੋਧਨ ਕਰਦਿਆਂ ਜਗਦੀਪ ਸਿੰਘ ਛੰਨਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਇਹ ਮੋਰਚਾ ਅਣਮਿੱਥੇ ਸਮੇਂ ਲਈ ਹੈ। ਇਸ ਮੋਰਚੇ ਵਿਚ ਵੱਖ-ਵੱਖ 15 ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਬੋਲਦਿਆਂ ਮੰਗ ਕੀਤੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰ ਦਿੱਤਾ ਜਾਵੇ। ਇਹ ਸਮਝੌਤਾ ਭਾਰਤ ਦੀ ਕਿਸਾਨੀ ਤੇ ਖੇਤੀਬਾੜੀ ਕਿਤੇ ਨਾਲ ਜੁੜੇ ਹੋਏ ਸਮੂਹ ਮਿਹਨਤਕਸ਼ ਲੋਕਾਂ ਦੇ ਲਈ ਤਬਾਹਕੁੰਨ ਹੈ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਜਰਨਲ ਸਕੱਤਰ ਸੁਖਵਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਕਾਰਜ ਖੇਤਰ ਅਧੀਨ ਮੰਗਾਂ ਜਿਨ੍ਹਾਂ ਵਿਚ ਸਾਲ 2025 ਦੌਰਾਨ ਝੋਨੇ ਦੇ ਬੌਣੇ ਬੂਟੇ ਦੀ ਸਮੱਸਿਆ ਦੇ ਮੁਆਵਜ਼ੇ ਸਬੰਧੀ, 2023 ਦੌਰਾਨ ਪਾਤੜਾਂ ਬਲਾਕ ’ਚ 6 ਏਕੜ ਦੀ ਫਸਲ ਜੋ ਗੜੇਮਾਰੀ ਨਾਲ ਤਬਾਹ ਹੋ ਗਈ ਸੀ ਦੇ ਮੁਆਵਜ਼ੇ ਸਬੰਧੀ ਹਾਲੇ ਵੀ ਮੰਗਾਂ ਬਕਾਇਦਾ ਹਨ ਜਿਨਾਂ ਦਾ ਕੋਈ ਹੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ- ਵੱਖ ਸਮੇਂ ਤੇ ਸਹਿਮਤੀ ਦਿੱਤੀ ਗਈ ਤੇ ਗਿਰਦੌਰੀਆਂ ਵੀ ਹੋਈਆਂ ਸਨ ਪਰ ਹਾਲੇ ਤੱਕ ਮਸਲੇ ਦਾ ਮੁਕੰਮਲ ਹੱਲ ਨਹੀਂ ਕੀਤਾ ਗਿਆ। ਇਸ ਲਈ ਕਿਸਾਨਾਂ ਵਿਚ ਕਾਫੀ ਰੋਸ ਹੈ। ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਖੇਤ ਮਜ਼ਦੂਰਾਂ ਤੇ ਹੋਰਨਾਂ ਦਿਹਾੜੀਦਾਰ ਕਿਰਤਿਆਂ ਦੇ ਸਾਰੇ ਕਰਜ਼ੇ ਖਤਮ ਕਰੇ। ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ ਅਤੇ ਕਾਰਕੁਨਾਂ ਤੇ ਪਾਏ ਗਏ ਝੂਠੇ ਕੇਸ ਰੱਦ ਕੀਤੇ ਜਾਣ। ਇਸ ਸਮੇਂ ਭਰਾਤਰੀ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਤੋਂ ਤਲਵਿੰਦਰ ਸਿੰਘ ਖਰੌੜ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਮੋਰਚੇ ਦੀ ਪੂਰਨ ਹਮਾਇਤ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਜਗਮੇਲ ਸਿੰਘ ਗਾਜੇਵਾਸ, ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਦਵਿੰਦਰ ਸਿੰਘ ਸੀਲ ਨੇ ਸੰਘਰਸ਼ਮਈ ਵਿਚਾਰ ਪੇਸ਼ ਕੀਤੇ।