ਮਾਲੇਰਕੋਟਲਾ ਹਾਊਸ 'ਤੇ ਲੱਗੇ ਦੋਸ਼ਾਂ ਨੂੰ ਨਿਸ਼ਾਤ ਅਖਤਰ ਨੇ ਨਕਾਰਿਆ ਮਾਲੇਰਕੋਟਲਾ ਹਾਊਸ 'ਤੇ ਲੱਗੇ ਦੋਸ਼ਾਂ ਨੂੰ ਨਿਸ਼ਾਤ ਅਖਤਰ ਨੇ ਨਕਾਰਿਆ
Publish Date: Fri, 07 Aug 2026 04:35 PM (IST)
Updated Date: Sat, 08 Aug 2026 04:02 AM (IST)
ਜਸਪਾਲ ਦਾਸ ਨੂੰ ਪਾਰਟੀ ਨੇ ਦਿੱਤਾ ਸੀ ਪੂਰਾ ਸਨਮਾਨ, ਹੁਣ ਪਾਰਟੀ ਤੋਂ ਵੀ ਹੋ ਸਕਦੀ ਹੈ ਕਾਰਵਾਈ : ਨਿਸ਼ਾਤ ਅਖਤਰ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਮਾਲੇਰਕੋਟਲਾ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖਤਰ ਨੇ ਆਪਣੇ ਮਾਤਾ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਪਿਤਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨਾਲ ਪ੍ਰੈੱਸ ਕਾਨਫਰੰਸ ਕਰ ਕੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਸਪਾਲ ਦਾਸ ਹਥਨ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਠੋਕਵਾਂ ਜਵਾਬ ਦਿੱਤਾ। ਮਾਲੇਰਕੋਟਲਾ ਹਾਊਸ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਨਿਸ਼ਾਤ ਅਖਤਰ ਨੇ ਕਿਹਾ ਕਿ ਜਸਪਾਲ ਦਾਸ ਨੂੰ ਕਿਸੇ ਨੇ ਵੀ ਮਾਲੇਰਕੋਟਲਾ ਹਾਊਸ ਤੋਂ ਨਹੀਂ ਕੱਢਿਆ, ਸਗੋਂ ਉਹ ਆਪਣੀ ਮਰਜ਼ੀ ਨਾਲ ਇੱਥੋਂ ਦੂਰ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਦੌਰਾਨ ਵੀ ਜਸਪਾਲ ਦਾਸ ਨੇ ਸਿਹਤ ਦਾ ਹਵਾਲਾ ਦੇ ਕੇ ਆਪਣੇ ਪਿੰਡ ਤੋਂ ਵਰਕਰਾਂ ਨੂੰ ਰੈਲੀ ’ਚ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਸਪਾਲ ਦਾਸ ਨੂੰ ਪਹਿਲਾਂ ਪੰਚਾਇਤ ਸਮਿਤੀ ਦਾ ਚੇਅਰਮੈਨ ਤੇ ਬਾਅਦ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਣਾ ਕੇ ਪੂਰਾ ਮਾਣ-ਸਨਮਾਨ ਦਿੱਤਾ, ਪਰ ਇਸ ਦੇ ਬਾਵਜੂਦ ਉਹ ਮਾਲੇਰਕੋਟਲਾ ਹਾਊਸ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਕਿਉਂਕਿ ਅੱਜ ਮਾਲੇਰਕੋਟਲਾ ਹਾਊਸ ਦੀ ਮਲਾਈ ਖਾਣ ਵਾਲੇ ਲੋਕ ਹੀ ਉਸਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ। ਨਿਸ਼ਾਤ ਅਖਤਰ ਨੇ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਲਈ ਕੇਂਦਰੀ ਆਬਜ਼ਰਵਰ ਵਰਿੰਦਰ ਸਿੰਘ ਰਾਠੌਰ ਵੱਲੋਂ ਕੀਤੀ ਗਈ ਰਾਇਸ਼ੁਮਾਰੀ ਦੌਰਾਨ ਕਿਸੇ ਵੀ ਆਗੂ ਜਾਂ ਵਰਕਰ ਨੇ ਜਸਪਾਲ ਦਾਸ ਦੇ ਨਾਮ ਦੀ ਸਿਫ਼ਾਰਸ਼ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੋਂ ਪਿੰਡ ਹਥਨ ਵਿੱਚ ਕਾਂਗਰਸ ਦੀ ਕਮਾਨ ਜਸਪਾਲ ਦਾਸ ਦੇ ਹੱਥ ਆਈ, ਉਦੋਂ ਤੋਂ ਪਾਰਟੀ ਨੂੰ ਉੱਥੇ ਕਿਸੇ ਵੀ ਚੋਣ ਵਿੱਚ ਜਿੱਤ ਨਸੀਬ ਨਹੀਂ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਜਸਪਾਲ ਦਾਸ ਲਈ ਮਾਲੇਰਕੋਟਲਾ ਹਾਊਸ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ ਅਤੇ ਪਾਰਟੀ ਪੱਧਰ ਤੇ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਇਸ ਮੌਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਵੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਇੱਕ ਸਾਬਕਾ ਕਾਂਗਰਸੀ ਵਿਧਾਇਕ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਸੰਬੰਧਿਤ ਸਾਬਕਾ ਵਿਧਾਇਕ ਕੇਂਦਰੀ ਜਾਂਚ ਏਜੰਸੀਆਂ ਦੇ ਰਾਡਾਰ ਤੇ ਹੈ ਅਤੇ ਜਲਦ ਹੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਸਕਦਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਸੁਲੇਮਾਨ ਜੋਸ਼ ਨੇ ਵੀ ਮਾਲੇਰਕੋਟਲਾ ਦੀ ਸਿਆਸਤ ਵਿੱਚ ਸਰਗਰਮ ਹੋਏ ਇੱਕ ਆਗੂ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਈ ਇਲਜ਼ਾਮ ਲਾਏ। ਮੌਕੇ ਦੇ ਪਾਰਟੀ ਦੇ ਸਪੋਕਸਮੈਨ ਮੁਹੰਮਦ ਅਨਵਰ ਮਹਿਬੂਬ, ਨੌਜਵਾਨ ਆਗੂ ਕਮਲਜੀਤ ਸਿੰਘ ਚੱਕ ਹਾਜਰ ਸਨ।