ਚਾਰ ਸਾਲ ਰਾਘਵ ਚੱਢਾ ਪੰਜਾਬ ‘ਸੁਪਰ ਸੀਐੱਮ’ ਬਣ ਕੇ ਆਨੰਦ ਮਾਣਦਾ ਰਿਹਾ : ਝਿੰਜਰ
ਚਾਰ ਸਾਲ ਰਾਘਵ ਚੱਢਾ ਪੰਜਾਬ “ਸੁਪਰ ਸੀ.ਐਮ.” ਬਣ ਕੇ ਆਨੰਦ ਮਾਣਦਾ ਰਿਹਾ: ਝਿੰਜਰ
Publish Date: Fri, 03 Apr 2026 06:04 PM (IST)
Updated Date: Fri, 03 Apr 2026 06:07 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਅੱਜ ਜੋ ਵਿਵਾਦ ਸਾਹਮਣੇ ਆ ਰਿਹਾ ਹੈ, ਉਹ ਪੰਜਾਬ ਦੇ ਮੁੱਦੇ ਚੁੱਕਣ ਦਾ ਨਹੀਂ ਸਗੋਂ ਪੈਸਿਆਂ ਦੇ ਲੈਣ–ਦੇਣ ਦਾ ਮਾਮਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਘਵ ਚੱਢਾ ਨੂੰ ਪੈਸਿਆਂ ਦੇ ਲੈਣ ਦੇਣ ਕਰਕੇ ਹੀ ਪਾਰਟੀ ਅੰਦਰ ਪਾਸੇ ਕੀਤਾ ਗਿਆ ਹੈ ਅਤੇ ਹੁਣ ਇਹ ਗੱਲਾਂ ਹੌਲੀ–ਹੌਲੀ ਲੋਕਾਂ ਸਾਹਮਣੇ ਆ ਰਹੀਆਂ ਹਨ। ਝਿੰਜਰ ਨੇ ਕਿਹਾ ਕਿ ਜਦੋਂ ਪੈਸੇ ਲੈ ਕੇ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇਗਾ ਤਾਂ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਦਿੱਲੀ ਦੀ ਲੀਡਰਸ਼ਿਪ ਨੇ ਪੰਜਾਬ ਨੂੰ ਸਿਰਫ਼ ਰਾਜਨੀਤਿਕ ਤਜਰਬਿਆਂ ਦਾ ਮੈਦਾਨ ਬਣਾਇਆ ਹੋਇਆ ਹੈ ਅਤੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਰਾਘਵ ਚੱਢਾ ਪੰਜਾਬ ਵਿਚ ਇਕ ਤਰ੍ਹਾਂ ਨਾਲ ‘ਸੁਪਰ ਸੀਐਮ’ ਬਣ ਕੇ ਆਨੰਦ ਮਾਣਦਾ ਰਿਹਾ ਅਤੇ ਪੰਜਾਬ ਦੇ ਫੈਸਲੇ ਦਿੱਲੀ ਦੇ ਦਫ਼ਤਰਾਂ ਵਿਚ ਬੈਠ ਕੇ ਕੀਤੇ ਜਾਂਦੇ ਰਹੇ। ਅਕਾਲੀ ਆਗੂ ਨੇ ਕਿਹਾ ਕਿ ਹੁਣ ਜਿਵੇਂ–ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਯਾਦ ਆਉਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਲੋਕਾਂ ਸਾਹਮਣੇ ਇਸ ਸਾਰੇ ਮਾਮਲੇ ਦਾ ਅਸਲ ਚਿਹਰਾ ਆ ਜਾਵੇਗਾ ਅਤੇ ਪੰਜਾਬ ਦੇ ਲੋਕ ਇਸ ਸੱਚਾਈ ਨੂੰ ਦੇਖ ਕੇ ਆਪਣਾ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਗੰਭੀਰ ਨੀਤੀਆਂ ਅਤੇ ਸੱਚੀ ਨੀਅਤ ਦੀ ਲੋੜ ਹੈ, ਸਿਰਫ਼ ਗੱਲਾਂ ਅਤੇ ਚੁਟਕਲਿਆਂ ਨਾਲ ਪੰਜਾਬ ਦੇ ਮੁੱਦੇ ਹੱਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਾ ਆਇਆ ਹੈ ਅਤੇ ਅੱਗੇ ਵੀ ਪੰਜਾਬ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ।