ਨਿਗਮ ਸਟੋਰਾਂ ਲਈ ਆਉਣ ਵਾਲੇ ਸਮਾਨ ਦੀ ਮਾਤਰਾ ਤੇ ਗੁਣਵੱਤਾ ਦੀ ਹੋਵੇਗੀ ਸਖ਼ਤ ਜਾਂਚ ਨਗਰ ਨਿਗਮ ਦੇ ਸਟੋਰਾਂ ਲਈ ਆਉਣ ਵਾਲੇ ਸਮਾਨ ਦੀ ਮਾਤਰਾ ਤੇ ਗੁਣਵੱਤਾ ਦੀ ਹੋਵੇਗੀ ਸਖ਼ਤ ਜਾਂਚ
Publish Date: Wed, 19 Aug 2026 07:09 PM (IST)
Updated Date: Wed, 19 Aug 2026 07:12 PM (IST)
--ਮੇਅਰ ਦੀ ਅਗਵਾਈ ਹੇਠ ਖ਼ਰੀਦ ਪ੍ਰਕਿਰਿਆ ਚ ਪਾਰਦਰਸ਼ਤਾ ਤੇ ਜਵਾਬਦੇਹੀ ਵਧਾਉਣ ਤੇ ਜ਼ੋਰ - 2 ਲੱਖ ਰੁਪਏ ਤੋਂ ਵੱਧ ਦੀ ਖ਼ਰੀਦ ਲਈ ਗਠਿਤ ਹੋਵੇਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵਿਸ਼ੇਸ਼ ਕਮੇਟੀ ਫੋਟੋ 19ਪੀਟੀਐੱਲ-29 ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਸਟੋਰਾਂ ਲਈ ਖ਼ਰੀਦੇ ਜਾਣ ਵਾਲੇ ਸਮਾਨ ਦੀ ਮਾਤਰਾ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਿਗਮ ਦੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਤੇ ਚੁਸਤ-ਦਰੁਸਤ ਕੀਤਾ ਜਾ ਰਿਹਾ ਹੈ। ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਫ਼ੰਡਾਂ ਨਾਲ ਖ਼ਰੀਦੇ ਜਾਣ ਵਾਲੇ ਹਰੇਕ ਸਮਾਨ ਦੀ ਗੁਣਵੱਤਾ ਤੇ ਮਾਤਰਾ ਦੀ ਨਿਰਪੱਖ ਜਾਂਚ ਹੋਣਾ ਲਾਜ਼ਮੀ ਹੈ, ਤਾਂ ਜੋ ਨਗਰ ਨਿਗਮ ਦੇ ਸਰੋਤਾਂ ਦੀ ਸੁਚੱਜੀ, ਯੋਗ ਅਤੇ ਪਾਰਦਰਸ਼ੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ ਦੇ ਹੈਲਥ ਸਟੋਰ, ਜਨਰਲ ਸਟੋਰ ਤੇ ਹੋਰ ਸਟੋਰਾਂ ਵੱਲੋਂ ਲੋੜ ਅਨੁਸਾਰ ਸਾਮਾਨ ਦੀ ਖ਼ਰੀਦ ਕੀਤੀ ਜਾਂਦੀ ਹੈ। ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ 2 ਲੱਖ ਰੁਪਏ ਤੋਂ ਵੱਧ ਮੁੱਲ ਦੇ ਸਮਾਨ ਦੀ ਸਪਲਾਈ ਪ੍ਰਾਪਤ ਕਰਨ ਸਮੇਂ ਉਸ ਦੀ ਮਾਤਰਾ, ਗੁਣਵੱਤਾ ਤੇ ਤੈਅ ਮਾਪਦੰਡਾਂ ਦੀ ਬਾਰੀਕੀ ਨਾਲ ਪੜਤਾਲ ਕਰਨ ਲਈ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਇਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਕਈ ਵਾਰ ਵੱਡੀ ਖ਼ਰੀਦ ਦੀ ਸਪਲਾਈ ਇੱਕੋ ਵਾਰ ਮਿਲਣ ਦੀ ਥਾਂ ਕਿਸ਼ਤਾਂ ਵਿਚ ਆਉਂਦੀ ਹੈ, ਇਸ ਲਈ ਹਰ ਪੜਾਅ ਤੇ ਸਪਲਾਈ ਕੀਤੇ ਜਾ ਰਹੇ ਸਮਾਨ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇਗੀ। ਪ੍ਰਸਤਾਵਿਤ ਕਮੇਟੀ ਵੱਲੋਂ ਸਪਲਾਈ ਪ੍ਰਾਪਤ ਕਰਨ ਸਮੇਂ ਸਾਮਾਨ ਦੀ ਅਸਲ ਮਾਤਰਾ ਦੀ ਪੁਸ਼ਟੀ ਕਰਨ ਦੇ ਨਾਲ-ਨਾਲ ਇਹ ਵੀ ਜਾਂਚਿਆ ਜਾਵੇਗਾ ਕਿ ਮਾਲ ਖ਼ਰੀਦ ਸਮੇਂ ਤੈਅ ਕੀਤੀਆਂ ਗਈਆਂ ਸ਼ਰਤਾਂ ਤੇ ਸਪੈਸੀਫਿਕੇਸ਼ਨਾਂ ਅਨੁਸਾਰ ਹੀ ਹੈ। ਮੁਕੰਮਲ ਜਾਂਚ ਤੋਂ ਬਾਅਦ ਹੀ ਕਮੇਟੀ ਆਪਣੀ ਵਿਸਥਾਰਤ ਰਿਪੋਰਟ ਸਬੰਧਤ ਉੱਚ ਅਧਿਕਾਰੀਆਂ ਨੂੰ ਸੌਂਪੇਗੀ। ਕਮੇਟੀ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਹੀ ਸਪਲਾਈ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ। ਮੇਅਰ ਨੇ ਆਖਿਆ ਕਿ ਇਸ ਨਵੀਂ ਵਿਵਸਥਾ ਨਾਲ ਖ਼ਰੀਦ ਪ੍ਰਕਿਰਿਆ ਵਿੱਚ ਮੁਕੰਮਲ ਜਵਾਬਦੇਹੀ ਆਵੇਗੀ, ਸਟੋਰਾਂ ਦਾ ਰਿਕਾਰਡ ਬਿਹਤਰ ਹੋਵੇਗਾ ਅਤੇ ਕਿਸੇ ਵੀ ਕਿਸਮ ਦੀ ਕਮੀ ਜਾਂ ਖ਼ਾਮੀ ਨੂੰ ਮੌਕੇ ਤੇ ਹੀ ਪਛਾਣ ਕੇ ਦਰੁਸਤ ਕੀਤਾ ਜਾ ਸਕੇਗਾ। ਉਨ੍ਹਾਂ ਦੁਹਰਾਇਆ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸਰਕਾਰੀ ਪੈਸੇ ਦੀ ਪਾਈ-ਪਾਈ ਦਾ ਸਹੀ ਇਸਤੇਮਾਲ ਕਰਦਿਆਂ ਸ਼ਹਿਰ ਵਾਸੀਆਂ ਨੂੰ ਮਿਆਰੀ ਅਤੇ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣਾ ਹੈ।