- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਚੋਣਾਂ : ਕਾਗਜ ਭਰਨ ਦੇ 4 ਦਿਨ ਬਾਕੀ- ਪਾਰਟੀਆਂ ਨੇ ਉਮੀਦਵਾਰਾਂ ਦਾ ਨਹੀਂ ਕੀਤਾ ਐਲਾਨ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਨਗਰ ਨਿਗਮ ਪਟਿਆਲਾ ਦੀਆਂ 30 ਵਾਰਡਾਂ ਲਈ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਚੋਣਾਂ ਦਾ ਐਲਾਨ ਹੋਏ ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਜਦੋਂ ਕਿ ਕਾਗਜ਼ ਦਾਖਲ ਕਰਨ ਲਈ ਸਿਰਫ 4 ਦਿਨ ਬਾਕੀ ਰਹਿ ਗਏ ਹਨ। ਸੱਤਾਧਾਰੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਵੀ ਉਮੀਦਵਾਰਾਂ ਦੀ ਚੋਣ ਕਰਨ ਦੀ ਬਜਾਏ ਹਾਲੇ ਸਿਆਸੀ ਜੋੜ-ਤੋੜ ਅਤੇ ਅੰਦਰੂਨੀ ਵਿਚਾਰ-ਵਟਾਂਦਰੇ ’ਚ ਹੀ ਉਲਝੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਹੈ ਕਿ 28 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ 19 ਨਵੰਬਰ ਨਿਰਧਾਰਤ ਕੀਤੀ ਗਈ ਹੈ। ਅਜਿਹੇ ’ਚ ਸਿਆਸੀ ਪਾਰਟੀਆਂ ਕੋਲ ਉਮੀਦਵਾਰਾਂ ਦਾ ਐਲਾਨ ਕਰਨ ਲਈ ਹੁਣ ਕੁਝ ਹੀ ਦਿਨ ਬਾਕੀ ਹਨ। ਅਜਿਹੇ ਵਿਚ ਸਿਆਸੀ ਪਾਰਟੀਆਂ ਕੋਲ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਅਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਮੈਦਾਨ ’ਚ ਉਤਾਰਨ ਵਾਸਤੇ ਬਹੁਤ ਘੱਟ ਸਮਾਂ ਬਚਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦੀ ਹੈ ਅਤੇ ਕਿਹੜੀ ਪਾਰਟੀ ਆਖ਼ਰੀ ਸਮੇਂ ਤੱਕ ਸਿਆਸੀ ਪੱਤੇ ਲੁਕੋ ਕੇ ਰੱਖਦੀ ਹੈ। ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਹਰੇਕ ਵਾਰਡ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਕੋਈ ਕਮੀ ਨਹੀਂ ਹੈ। ਟਿਕਟ ਦੇ ਦਾਅਵੇਦਾਰ ਲਗਾਤਾਰ ਪਾਰਟੀ ਲੀਡਰਸ਼ਿਪ ਕੋਲ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਸ ਦੇ ਬਾਵਜੂਦ ਉਮੀਦਵਾਰਾਂ ਦੇ ਨਾਵਾਂ ਬਾਰੇ ਅੰਤਿਮ ਫ਼ੈਸਲਾ ਸਥਾਨਕ ਲੀਡਰਸ਼ਿਪ ਦੀ ਬਜਾਏ ਹਾਈਕਮਾਨ ਪੱਧਰ ’ਤੇ ਹੀ ਹੋਣਾ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਵਾਰਡਾਂ ’ਚ ਉਮੀਦਵਾਰਾਂ ਦੀ ਜਿੱਤਣ ਦੀ ਸਮਰੱਥਾ, ਸਥਾਨਕ ਪੱਧਰ ’ਤੇ ਲੋਕਾਂ ਨਾਲ ਸਬੰਧ ਅਤੇ ਪਾਰਟੀ ਨਾਲ ਜੁੜੇ ਆਗੂਆਂ ਦੀ ਦਾਅਵੇਦਾਰੀ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲਏ ਜਾ ਰਹੇ ਹਨ।
-ਭਾਜਪਾ ਨੂੰ ਮਿਲੀਆਂ 92 ਅਰਜ਼ੀਆਂ, ਅਕਾਲੀ ਦਲ ਵੀ ਚੰਗੇ ਉਮੀਦਵਾਰ ਹੋਣ ਦਾ ਕਰ ਰਿਹਾ ਦਾਅਵਾ
ਭਾਜਪਾ ਦੀ ਸਥਾਨਕ ਲੀਡਰਸ਼ਿਪ ਅਨੁਸਾਰ ਨਿਗਮ ਦੇ 30 ਵਾਰਡਾਂ ਲਈ ਪਾਰਟੀ ਨੂੰ ਕੁੱਲ 92 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਦਾ ਮਤਲਬ ਹੈ ਕਿ ਕਈ ਵਾਰਡਾਂ ਵਿਚ ਇੱਕ ਤੋਂ ਵੱਧ ਦਾਅਵੇਦਾਰ ਟਿਕਟ ਦੀ ਦੌੜ ਵਿੱਚ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਾਪਤ ਅਰਜ਼ੀਆਂ ਅਤੇ ਸਥਾਨਕ ਪੱਧਰ ’ਤੇ ਮਿਲੇ ਫੀਡਬੈਕ ਦੇ ਆਧਾਰ ’ਤੇ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਹੁਣ ਹਾਈਕਮਾਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਜਨਤਕ ਕੀਤਾ ਜਾਵੇਗਾ। ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦਾ ਕਹਿਣਾ ਹੈ ਕਿ ਪਾਰਟੀ ਨੂੰ ਸਾਰੇ 30 ਵਾਰਡਾਂ ਤੋਂ ਚੰਗੇ ਅਤੇ ਮਜ਼ਬੂਤ 73 ਉਮੀਦਵਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਾਰਟੀ ਲੀਡਰਸ਼ਿਪ ਦਾ ਦਾਅਵਾ ਹੈ ਕਿ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਇਲਾਕੇ ਵਿੱਚ ਪਕੜ ਅਤੇ ਚੋਣ ਜਿੱਤਣ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਵੇਗੀ।
-ਕਾਂਗਰਸ ਤੇ 'ਆਪ' ’ਚ ਵੀ ਟਿਕਟ ਲਈ ਕਈ ਦਾਅਵੇਦਾਰ
ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚ ਵੀ ਟਿਕਟ ਹਾਸਲ ਕਰਨ ਲਈ ਦਾਅਵੇਦਾਰਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਅਨੁਸਾਰ ਔਸਤਨ ਹਰੇਕ ਵਾਰਡ ਤੋਂ ਤਿੰਨ ਤੋਂ ਚਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਜਿਹੇ ਵਿਚ ਦੋਵਾਂ ਪਾਰਟੀਆਂ ਸਾਹਮਣੇ ਵੀ ਉਮੀਦਵਾਰਾਂ ਦੀ ਚੋਣ ਕਰਨਾ ਚੁਣੌਤੀ ਬਣਿਆ ਹੋਇਆ ਹੈ। ਖ਼ਾਸ ਕਰਕੇ ਉਨ੍ਹਾਂ ਵਾਰਡਾਂ ਵਿੱਚ ਸਥਿਤੀ ਦਿਲਚਸਪ ਹੋ ਸਕਦੀ ਹੈ, ਜਿੱਥੇ ਇੱਕ ਤੋਂ ਵੱਧ ਮਜ਼ਬੂਤ ਦਾਅਵੇਦਾਰ ਟਿਕਟ ਮਿਲਣ ਦੀ ਉਮੀਦ ਲਗਾਈ ਬੈਠੇ ਹਨ। ਕਾਂਗਰਸ ਦੇ ਪਟਿਆਲਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਨੇ ਦੱਸਿਆ ਕਿ ਉਮੀਦਵਾਰਾਂ ਦੀ ਅੰਤਿਮ ਸੂਚੀ ’ਤੇ ਵਿਚਾਰ ਕਰਨ ਲਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਰਾਣਾ ਕੇਪੀ, ਕੁਲਜੀਤ ਸਿੰਘ ਨਾਗਰਾ, ਰਾਜ ਕੁਮਾਰ ਵੇਰਕਾ, ਨਾਜ਼ਰ ਸਿੰਘ ਮਾਨਸ਼ਾਹੀਆ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਪਟਿਆਲਾ ਦਿਹਾਤੀ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੋਂ ਇਲਾਵਾ ਖ਼ੁਦ ਨਰੇਸ਼ ਦੁੱਗਲ ਸ਼ਾਮਲ ਹੋਏ। ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਹਰੇਕ ਵਾਰਡ ਲਈ ਦੋ-ਦੋ ਨਾਵਾਂ ਨੂੰ ਸ਼ਾਰਟਲਿਸਟ ਕਰਕੇ ਪਾਰਟੀ ਹਾਈਕਮਾਨ ਕੋਲ ਭੇਜਿਆ ਗਿਆ ਹੈ। ਉਨ੍ਹਾਂ ਮੁਤਾਬਕ ਸੋਮਵਾਰ ਨੂੰ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ।
-ਕਿਤੇ ਸੰਭਾਵੀ ਉਮੀਦਵਾਰ ਨੂੰ ਚੁੱਕ ਨਾ ਲਿਆ ਜਾਵੇ
ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ’ਚ ਹੋ ਰਹੀ ਦੇਰੀ ਬਾਰੇ ਸੱਤਾ ਤੋਂ ਬਾਹਰਲੀ ਇਕ ਪਾਰਟੀ ਦੇ ਸਥਾਨਕ ਸੀਨੀਅਰ ਆਗੂ ਨੇ ਦਿਲਚਸਪ ਤਰਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਖ਼ਦਸ਼ਾ ਹੈ ਕਿ ਜੇਕਰ ਨਾਮਜ਼ਦਗੀਆਂ ਤੋਂ ਕਈ ਦਿਨ ਪਹਿਲਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਸੱਤਾਧਾਰੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਐਲਾਨੇ ਗਏ ਉਮੀਦਵਾਰਾਂ ਨੂੰ ਡਰਾ-ਧਮਕਾ ਸਕਦੀ ਹੈ ਜਾਂ ਗ਼ੈਰਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲੈ ਸਕਦੀ ਹੈ। ਇਸੇ ਖ਼ਦਸ਼ੇ ਦੇ ਮੱਦੇਨਜ਼ਰ ਸਾਵਧਾਨੀ ਵਰਤਦਿਆਂ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ ਤੇ ਕਾਗਜ ਭਰਨ ਮੌਕੇ ਹੀ ਸੂਚੀ ਜਨਤਕ ਕੀਤੀ ਜਾਵੇਗੀ।