
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐਨਐਚਐਮ ਮੁਲਾਜ਼ਮਾਂ ਦੀ ਹੜਤਾਲ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸਿਹਤ ਵਿਭਾਗ ’ਚ ਭਰਤੀ ਕੀਤੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ 15-20 ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੱਤਾ ਦੇ ਨਸ਼ੇ ਵਿਚ ਆਪਣੇ ਵਾਅਦਿਆਂ ਭੱਜਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪਿਛਲੇ ਦੋ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਐੱਨਐੱਚਐੱਮ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਦੇ ਦਫ਼ਤਰ ’ਚ ਆਪਣਾ ਰੋਸ਼ ਪ੍ਰਦਰਸ਼ਨ ਕਰਦਿਆਂ ਕੀਤਾ। ਹੜਤਾਲੀ ਸਿਹਤ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਐੱਨਐੱਚਐੱਮ ਕਾਮਿਆਂ ਦੀਆਂ ਮੰਗਾਂ ਵੱਲੋਂ ਧਿਆਨ ਨਾ ਦਿੱਤਾਂ ਤਾਂ ਇਹ ਰੋਸ ਪ੍ਰਦਰਸ਼ਨ ਸਿਹਤ ਦਫ਼ਤਰਾਂ ’ਚੋਂ ਨਿਕਲ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਕਰਨ ਤੱਕ ਚਲੇਗਾ। ਜ਼ਿਕਰਯੋਗ ਹੈ ਕਿ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ 17 ਅਗਸਤ ਤੋਂ 24 ਤਰੀਕ ਤੱਕ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ। ਇਸ ਹੜਤਾਲ ’ਚ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂਹ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਆਖਿਆ ਕਿ ਪਹਿਲਾਂ ਵਾਂਗ ਪੰਜਾਬ ਸਰਕਾਰ ਨੇ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਅਪਣਾਉਂਦਿਆਂ ਐੱਨਐੱਚਐੱਮ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਅਜੇ ਤੱਕ ਕੋਈ ਸਪੱਸ਼ਟ ਹਾਂ ਪੱਖੀ ਹੁੰਗਾਰਾ ਨਹੀ ਭਰਿਆ ਹੈ,ਜਿਸ ਕਰਕੇ ਐੱਨਐੱਚਐੱਮ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੀਆਂ ਗਈਆਂ ਲੱਗਭੱਗ 40-45 ਦੇ ਕਰੀਬ ਮੀਟਿੰਗਾਂ ਵਿਚ ਵੀ ਕੋਈ ਹੱਲ ਨਹੀਂ ਕੀਤਾ ਗਿਆ ਤੇ ਮੀਟਿੰਗਾਂ ਦੌਰਾਨ ਬੱਸ ਲਾਰਿਆਂ ਦੀ ਪੰਡ ਦੇ ਸਿਵਾ ਕੁਝ ਵੀ ਨਹੀਂ ਦਿੱਤਾ ਗਿਆ, ਜਿਸਦੇ ਸਿੱਟੇ ਵਜੋਂ ਐੱਨਐੱਚਐੱਮ ਮੁਲਾਜ਼ਮਾਂ ਨੂੰ ਮਜਬੂਰੀ ਵਸ ਹੜਤਾਲ ’ਤੇ ਜਾਣਾ ਪਿਆ ਹੈ। ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ਸਰਕਾਰ ਐੱਨਐੱਚਐੱਮ ਮੁਲਾਜ਼ਮਾਂ ਦੀ ਮੁੱਖ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਗਰੇਚੁਟੀ, ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਇਸ ਦਾ ਜਵਾਬ ਸਮੂਹ ਐੱਨਐੱਚਐੱਮ ਮੁਲਾਜ਼ਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ। ਇਸ ਮੌਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹੋਇਆਂ ਯੂਨੀਅਨ ਦੇ ਜਨਰਲ ਸੈਕਟਰੀ ਰਾਮ ਸਿੰਘ ਕਪੂਰਥਲਾ ਅਤੇ ਅਮਨਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਨਹੀਂ ਕਰਦੀ ਤਾਂ ਐੱਨਐੱਚਐੱਮ ਯੂਨੀਅਨ ਵੱਲੋਂ ਸਰਕਾਰ ਦਾ ਹਰ ਮੋੜ ’ਤੇ ਘੇਰਾਓ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ 24 ਅਗਸਤ ਦੀ ਮੀਟਿੰਗ ਦਿੱਤੀ ਗਈ ਹੈ ਤੇ ਜੇਕਰ ਸਰਕਾਰ ਦੁਬਾਰਾ ਫਿਰ ਟਾਲ ਮਟੋਲ ਦੀ ਨੀਤੀ ਵਰਤਦੀ ਹੈ ਤਾਂ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਵੇਗਾ ਅਤੇ ਕੈਬਨਿਟ ਮੰਤਰੀਆ ਅਤੇ ਐੱਮਐੱਲਏਜ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਹੜਤਾਲ ਦੌਰਾਨ ਪ੍ਰਭਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਵਿਭਾਗ ਦੀ ਹੋਵੇਗੀ।