ਐੱਨਐੱਚਏਆਈ ਦੀ ਖੁੱਲ੍ਹੀ ਜਾਗ, ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਐਨਐਚਏਆਈ ਦੀ ਖੁੱਲੀ ਜਾਗ, ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
Publish Date: Mon, 20 Jul 2026 05:16 PM (IST)
Updated Date: Mon, 20 Jul 2026 05:19 PM (IST)
ਫੋਟੋ 20ਪੀਟੀਐਲ:15: ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਬਹਾਦਰਗੜ੍ਹ ’ਚ ਪਟਿਆਲਾ ਰਾਜਪੁਰਾ ਰੋਡ ’ਤੇ ਫਲਾਈਓਵਰ ਨਾਲ ਲਗਦੀ ਸਰਵਿਸ ਰੋਡ ’ਚ ਪੁਲਿਸ ਚੌਕੀ ਬਹਾਦਰਗੜ੍ਹ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਸੜਕ ’ਚ ਪਏ ਗੋਡੇ ਗੋਡੇ ਡੂੰਘੇ ਟੋਇਆਂ ਕਾਰਨ ਰਾਹਗੀਰਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਰਸਾਤੀ ਪਾਣੀ ਭਰਨ ਕਾਰਨ ਇਹ ਡੂੰਘੇ ਟੋਏ ਨਜ਼ਰ ਨਹੀਂ ਆਉਂਦੇ ਸਨ ਅਤੇ ਲੋਕ ਹਾਦਸੇ ਦਾ ਸ਼ਿਕਾਰ ਹੋ ਰਹੇ ਸਨ। ਪਰ ਨਾ ਤਾਂ ਇਸ ਸੜਕ ’ਤੇ ਟੋਲ ਟੇਕਸ ਲੈਣ ਵਾਲੀ (ਐਨਐਚਏਆਈ) ਹੀ ਇਸ ਸੜਕ ਨੂੰ ਬਣਾ ਰਹੀ ਸੀ ਅਤੇ ਨਾ ਹੀ ਪ੍ਰਸ਼ਾਸ਼ਨ ਲੋਕਾਂ ਦੀ ਸਾਰ ਲੈ ਰਿਹਾ ਸੀ। ਕਸਬਾ ਬਹਾਦਰਗੜ੍ਹ ਦੀ ਸਰਪੰਚ ਹਰਵਿੰਦਰ ਕੌਰ ਤੇ ਉਨਾਂ ਦੇ ਪਤੀ ਮਲਕ ਸਿੰਘ ਨੇ ਦੱਸਿਆ ਇਥੇ ਸੜਕ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ, ਇਸ ਸਬੰਧੀ ਉਨਾਂ ਨੇ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਸੜਕ ਬਣਾਉਣ ਲਈ ਮੇਲ ਕੀਤੀ ਸੀ। ਇਸ ਤੋਂ ਇਲਾਵਾ ਇਲਾਕੇ ਦੇ ਸਮਾਜਸੇਵੀ ਨੌਜਵਾਨ ਰਾਜਿੰਦਰ ਸਿੰਘ ਖਹਿਰਾ ਤੇ ਕੁਲਦੀਪ ਸੋਮਲ ਨੇ ਵੀ ਸੜਕ ਦੀ ਖਸਤਾ ਹਾਲਤ ਤੋਂ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ ਤਾਂ ਜਾ ਕੇ ਹੁਣ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਅੱਖ ਖੁੱਲ੍ਹੀ ਹੈ ਅਤੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਸਰਵਿਸ ਰੋਡ ਅਕਸਰ ਹੀ ਟੁੱਟੀ ਰਹਿੰਦੀ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਸੜਕ ਦੇ ਪਾਣੀ ਦੀ ਨਿਕਸੀ ਨਾ ਹੋਣਾ ਹੈ। ਇਸ ਤੋਂ ਇਲਾਵਾ ਪੁਲ ਦੇ ਦੂਜੀ ਸਾਈਡ ਐਸਕੋਰਟਸ ਫੈਕਟਰੀ ਦੇ ਗੇਟ ਤੋਂ ਮਿਲਕਫੂਡ ਫੈਕਟਰੀ ਤੱਕ ਵੀ ਸੜਕ ਦਾ ਮੰਦੜਾ ਹਾਲ ਹੈ। ਬਹਾਦਰਗੜ੍ਹ ਦੇ ਪੁਲ ਹੇਠਾਂ ਥਾਂ ਥਾਂ ਲੱਗੇ ਕੂੜੇ ਦੇ ਢੇਰ ਅਤੇ ਖੜਾ ਗੰਦਾ ਪਾਣੀ ਇਲਾਕੇ ’ਚ ਬਿਮਾਰੀਆਂ ਫੈਲਾ ਰਿਹਾ ਹੈ ਪਰ ਪਰ ਇਹ ਸਭ ਕੁਝ ਐਨਐਚਏਆਈ ਨੂੰ ਨਜ਼ਰ ਨਹੀਂ ਆਉਂਦਾ ਹੈ। ਇਥੋਂ ਨੇੜੇ ਹੀ ਸਥਿਤ ਟੋਲ ਪਲਾਜ਼ਾ ਤੋਂ ਲੱਖਾਂ ਰੁਪਏ ਟੋਲ ਟੈਕਸ ਇਕੱਠਾ ਕਰਨ ਬਾਲੀ ਐਨਐਚਏਆਈ ਕੁੰਭਕਰਨੀ ਨੀਂਦ ਸੁੱਤੀ ਰਹਿੰਦੀ ਹੈ। ਸੜਕੀ ਹਾਦਸਿਆਂ ਨੂੰ ਰੋਕਣ ਲਈ ਸਾਡੀਆਂ ਸਰਕਾਰਾਂ ਵੀ ਬਿਆਨਬਾਜੀ ਤਾਂ ਬਹੁਤ ਕਰਦੀਆਂ ਹਨ ਪਰ ਇਸ ਪ੍ਰਤੀ ਕਿੰਨੀਆਂ ਕੁ ਗੰਭੀਰ ਹਨ ਇਹ ਸੜਕਾਂ ਦੀ ਮਾੜੀ ਹਾਲਤ ਖੁੱਦ ਬਿਆਨ ਕਰਦੀ ਹੈ।