ਲੋਹੇ ਦਾ ਪੁਲ ਡਿੱਗਣ ਤੋਂ ਬਾਅਦ NHAI ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ, PWD ਦੀ ਨਿਗਰਾਨੀ ਹੇਠ BRO ਨੇ ਬਣਾਇਆ ਸੀ ਪੁਲ
ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਨ.ਐੱਚ.ਏ.ਆਈ. ਦੀ ਇੰਸੀਡੈਂਟ ਮੈਨੇਜਮੈਂਟ ਟੀਮ ਨੇ ਮੌਕੇ ’ਤੇ ਪਹੁੰਚ ਕੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਖੱਬੇ ਪਾਸੇ ਦੀ ਸਾਰੀ ਆਵਾਜਾਈ ਨੂੰ ਸਰਵਿਸ ਰੋਡ ਰਾਹੀਂ ਡਾਇਵਰਟ ਕਰ ਦਿੱਤਾ ਹੈ।
Publish Date: Thu, 19 Nov 2026 11:29 AM (IST)
Updated Date: Thu, 19 Nov 2026 11:34 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਪਟਿਆਲਾ ਬਾਈਪਾਸ (NH-64 / ਨਵਾਂ NH-07) ’ਤੇ ਵਾਪਰੇ ਪੁਲ ਹਾਦਸੇ ਸਬੰਧੀ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅਥਾਰਟੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਭਾਖੜਾ ਮੇਨ ਲਾਈਨ ਨਹਿਰ ’ਤੇ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਪੁਲ (ਖੱਬੇ ਪਾਸੇ ਵਾਲਾ) ਅਚਾਨਕ ਢਹਿ ਗਿਆ।
ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਨ.ਐੱਚ.ਏ.ਆਈ. ਦੀ ਇੰਸੀਡੈਂਟ ਮੈਨੇਜਮੈਂਟ ਟੀਮ ਨੇ ਮੌਕੇ ’ਤੇ ਪਹੁੰਚ ਕੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਖੱਬੇ ਪਾਸੇ ਦੀ ਸਾਰੀ ਆਵਾਜਾਈ ਨੂੰ ਸਰਵਿਸ ਰੋਡ ਰਾਹੀਂ ਡਾਇਵਰਟ ਕਰ ਦਿੱਤਾ ਹੈ।
ਹਾਦਸੇ ਵਾਲੀ ਥਾਂ ’ਤੇ ਸੁਰੱਖਿਆ ਕਦਮ ਚੁੱਕਦਿਆਂ ਟ੍ਰੈਫਿਕ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਨ-ਰਾਤ ਰੋਡ ਸੇਫਟੀ ਮਾਰਸ਼ਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਨੁਕਸਾਨੇ ਗਏ ਹਿੱਸੇ ਨੂੰ ਸੁਰੱਖਿਅਤ ਕਰਨ ਲਈ ਆਲੇ-ਦੁਆਲੇ ਵਿਊ-ਕਰਟੇਨ (ਪਰਦੇ) ਲਗਾਉਣ ਦੇ ਨਾਲ-ਨਾਲ ਰਾਹਗੀਰਾਂ ਨੂੰ ਸੁਚੇਤ ਕਰਨ ਲਈ ਢੁਕਵੇਂ ਸਾਈਨ ਬੋਰਡ ਅਤੇ ਲਾਈਟਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਐੱਨ.ਐੱਚ.ਏ.ਆਈ. ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਚਾਰ-ਮਾਰਗੀ ਪਟਿਆਲਾ ਬਾਈਪਾਸ ਦਾ ਇਹ ਹਿੱਸਾ ਸਾਲ 2018 ਵਿੱਚ ਹੀ ਅਥਾਰਟੀ ਨੂੰ ਸੌਂਪਿਆ ਗਿਆ ਸੀ, ਜਦੋਂ ਕਿ ਇਸ ਨੂੰ ਚਾਰ-ਮਾਰਗੀ ਬਣਾਉਣ ਦਾ ਕੰਮ ਪੰਜਾਬ ਲੋਕ ਨਿਰਮਾਣ ਵਿਭਾਗ ਅਧੀਨ ਹੋਇਆ ਸੀ। ਮੌਜੂਦਾ ਸਮੇਂ ਵਿੱਚ ਇਹ ਸੜਕ ਐੱਨ.ਐੱਚ.ਏ.ਆਈ. ਦੇ ਸ਼ਾਰਟ-ਟਰਮ ਮੈਂਟੀਨੈਂਸ ਕੰਟਰੈਕਟ ਅਧੀਨ ਹੈ।
ਅਥਾਰਟੀ ਨੇ ਜਾਣਕਾਰੀ ਦਿੱਤੀ ਕਿ ਨਹਿਰ ’ਤੇ ਡਿੱਗਿਆ ਇਹ ਪੁਲ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਸੀ। ਅਥਾਰਟੀ ਨੇ ਭਰੋਸਾ ਦਿਵਾਇਆ ਹੈ ਕਿ ਆਵਾਜਾਈ ਨੂੰ ਸੁਰੱਖਿਅਤ ਅਤੇ ਨਿਰਵਿਘਨ ਬਣਾਈ ਰੱਖਣ ਲਈ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ।