ਨਿਗਮ ਚੋਣਾਂ : ਗਠਜੋੜ ਦੇ ਬਾਵਜੂਦ ਅਕਾਲੀ-ਭਾਜਪਾ ਆਪੋ-ਆਪਣੇ ਰਾਹ ਨਿਗਮ ਚੋਣਾਂ : ਗਠਜੋੜ ਦੇ ਬਾਵਜੂਦ ਅਕਾਲੀ-ਭਾਜਪਾ ਆਪੋ ਆਪਣੇ ਰਾਹ
Publish Date: Thu, 26 Nov 2026 06:27 PM (IST)
Updated Date: Thu, 26 Nov 2026 06:28 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪਟਿਆਲਾ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗਠਜੋੜ ਹੋਣ ਦੇ ਬਾਵਜੂਦ ਦੋਵੇਂ ਪਾਰਟੀਆਂ ਜ਼ਿਆਦਾਤਰ ਵਾਰਡਾਂ ਵਿੱਚ ਆਪੋ-ਆਪਣੇ ਚੋਣ ਨਿਸ਼ਾਨ ’ਤੇ ਹੀ ਚੋਣ ਲੜ ਰਹੀਆਂ ਹਨ। ਹਾਲਾਂਕਿ, ਚੋਣ ਪ੍ਰਚਾਰ ਦੇ ਸਿਖਰ ਦੌਰਾਨ ਹੁਣ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਸਥਾਨਕ ਪੱਧਰ ’ਤੇ ਆਪਸੀ ਸਹਿਮਤੀ ਬਣਾਉਂਦਿਆਂ ਇੱਕ-ਦੂਜੇ ਨੂੰ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਸ਼ਹਿਰ ਦੇ ਦੋ ਵਾਰਡਾਂ ਵਿੱਚ ਆਪਸੀ ਸਾਂਝ ਦਾ ਪ੍ਰਗਟਾਵਾ ਕੀਤਾ ਗਿਆ ਹੈ, ਜਦੋਂ ਕਿ ਬਾਕੀ 28 ਵਾਰਡਾਂ ਵਿੱਚ ਦੋਵਾਂ ਪਾਰਟੀਆਂ ਦੇ ਉਮੀਦਵਾਰ ਪਹਿਲਾਂ ਵਾਂਗ ਹੀ ਆਪੋ-ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। - ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੋਇਆ ਗਠਜੋੜ : ਰਾਠੀ ਇਸ ਸਿਆਸੀ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਸਪੱਸ਼ਟ ਕੀਤਾ ਕਿ ਵਾਰਡ ਨੰਬਰ 41 ਦੇ ਅਕਾਲੀ ਉਮੀਦਵਾਰ ਵੱਲੋਂ ਭਾਜਪਾ ਉਮੀਦਵਾਰ ਨੂੰ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਦੋਵਾਂ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਗਠਜੋੜ ਦਾ ਰਸਮੀ ਐਲਾਨ ਹੋਇਆ ਸੀ। ਨਾਮਜ਼ਦਗੀਆਂ ਅਤੇ ਚੋਣ ਨਿਸ਼ਾਨ ਅਲਾਟ ਹੋਣ ਦੀ ਪ੍ਰਕਿਰਿਆ ਪੂਰੀ ਹੋ ਜਾਣ ਕਾਰਨ ਜ਼ਿਆਦਾਤਰ ਵਾਰਡਾਂ ਵਿੱਚ ਦੋਵਾਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਰਾਠੀ ਅਨੁਸਾਰ, ਜੇਕਰ ਕਿਸੇ ਵਾਰਡ ਵਿੱਚ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਉਮੀਦਵਾਰ ਆਪਸੀ ਸਹਿਮਤੀ ਨਾਲ ਇੱਕ-ਦੂਜੇ ਦਾ ਸਮਰਥਨ ਕਰਦੇ ਹਨ, ਤਾਂ ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਆਪਣੀ ਨਿੱਜੀ ਮਰਜ਼ੀ ਹੈ ਅਤੇ ਪਾਰਟੀ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। - ਹੋਰ ਵਾਰਡਾਂ ਵਿੱਚ ਵੀ ਬਣ ਰਿਹਾ ਤਾਲਮੇਲ : ਵਿਜੇ ਕੂਕਾ ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੂਕਾ ਨੇ ਇਸ ਕਦਮ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਹੁਣ ਤੱਕ ਦੋ ਵਾਰਡਾਂ ਵਿੱਚ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਉਮੀਦਵਾਰਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੇ ਹੋਰਨਾਂ ਵਾਰਡਾਂ ਵਿੱਚ ਵੀ ਗਠਜੋੜ ਨੂੰ ਹੇਠਲੇ ਪੱਧਰ ਤੱਕ ਹੋਰ ਪੱਕਾ ਕਰਨ ਅਤੇ ਆਪਸੀ ਤਾਲਮੇਲ ਵਧਾਉਣ ਬਾਰੇ ਲਗਾਤਾਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਵਿਜੇ ਕੂਕਾ ਨੇ ਭਰੋਸਾ ਜਤਾਇਆ ਕਿ ਦੋਵਾਂ ਪਾਰਟੀਆਂ ਦੀ ਇਸ ਇਕਜੁੱਟਤਾ ਸਦਕਾ ਆਉਣ ਵਾਲੀਆਂ ਨਿਗਮ ਚੋਣਾਂ ਵਿੱਚ ਗਠਜੋੜ ਵੱਡੀ ਜਿੱਤ ਦਰਜ ਕਰੇਗਾ। ਵੋਟਿੰਗ ਤੋਂ ਐਨ ਪਹਿਲਾਂ ਹੋਏ ਇਸ ਫੈਸਲੇ ਨਾਲ ਇਨ੍ਹਾਂ ਵਾਰਡਾਂ ਵਿੱਚ ਚੋਣ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ। - ਅਕਾਲੀ ਉਮੀਦਵਾਰ ਆਇਆ ਭਾਜਪਾ ਉਮੀਦਵਾਰ ਦੇ ਹੱਕ ’ਚ ਵਾਰਡ ਨੰਬਰ 41 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੀਤੋ ਦੇਵੀ ਨੇ ਚੋਣ ਮੈਦਾਨ ਵਿੱਚੋਂ ਪਿੱਛੇ ਹਟਦਿਆਂ ਭਾਜਪਾ ਉਮੀਦਵਾਰ ਸ਼ਿੰਦਰ ਕੌਰ ਦੇ ਹੱਕ ਵਿੱਚ ਬੈਠਣ ਅਤੇ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਗਠਜੋੜ ਤਹਿਤ ਪਟਿਆਲਾ ਨਗਰ ਨਿਗਮ ਦੀ ਇਹ ਪਹਿਲੀ ਜ਼ਿਮਨੀ ਚੋਣ ਲੜੀ ਜਾ ਰਹੀ ਹੈ। ਵਾਰਡ ਨੰਬਰ 41 ਤੋਂ ਪਹਿਲਾਂ ਵਾਰਡ ਨੰਬਰ 46 ਵਿੱਚ ਵੀ ਅਜਿਹਾ ਹੀ ਸਿਆਸੀ ਸਮੀਕਰਨ ਬਣ ਚੁੱਕਿਆ ਹੈ। ਉੱਥੇ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਪਾਰਟੀ ਛੱਡੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਉਮੀਦਵਾਰ ਵਰੁਣ ਜਿੰਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਨਿਗਮ ਚੋਣਾਂ ਦੇ ਮੌਜੂਦਾ ਦੌਰ ਵਿੱਚ ਇਹ ਦੂਜਾ ਵਾਰਡ ਬਣ ਗਿਆ ਹੈ, ਜਿੱਥੇ ਦੋਵਾਂ ਭਾਈਵਾਲ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਉਮੀਦਵਾਰ ਦੀ ਹਮਾਇਤ ਕੀਤੀ ਜਾ ਰਹੀ ਹੈ। - ਆਖਰੀ ਸਮੇਂ ਦੇ ਫੈਸਲਿਆਂ ’ਤੇ ਟਿਕੀਆਂ ਨਜ਼ਰਾਂ ਨਗਰ ਨਿਗਮ ਚੋਣਾਂ ਲਈ 28 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ਵਿੱਚ ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਦੋਵਾਂ ਪਾਰਟੀਆਂ ਵਿਚਾਲੇ ਹੋਣ ਵਾਲਾ ਕੋਈ ਵੀ ਸਮਝੌਤਾ ਕਈ ਵਾਰਡਾਂ ਦੇ ਚੋਣ ਸਮੀਕਰਨ ਬਦਲ ਸਕਦਾ ਹੈ। ਫਿਲਹਾਲ ਦੋ ਵਾਰਡਾਂ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਨੂੰ ਸਮਰਥਨ ਦਿੱਤੇ ਜਾਣ ਦੇ ਬਾਵਜੂਦ ਬਾਕੀ ਵਾਰਡਾਂ ਵਿੱਚ ਦੋਵਾਂ ਪਾਰਟੀਆਂ ਦੇ ਉਮੀਦਵਾਰ ਆਪਣੇ-ਆਪਣੇ ਪੱਧਰ ਤੇ ਚੋਣ ਲੜ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵੋਟਾਂ ਪੈਣ ਤੋਂ ਪਹਿਲਾਂ ਗਠਜੋੜ ਦੇ ਆਗੂ ਹੋਰ ਵਾਰਡਾਂ ਵਿੱਚ ਵੀ ਕੋਈ ਸਾਂਝੀ ਰਣਨੀਤੀ ਤਿਆਰ ਕਰ ਪਾਉਂਦੇ ਹਨ ਜਾਂ ਫਿਰ ਅਕਾਲੀ-ਭਾਜਪਾ ਦੀਆਂ ਸਿਆਸੀ ਨਜ਼ਦੀਕੀਆਂ ਦੇ ਬਾਵਜੂਦ ਪਟਿਆਲਾ ਨਿਗਮ ਚੋਣਾਂ ਵਿੱਚ ਦੋਵੇਂ ਪਾਰਟੀਆਂ ਵੱਖੋ-ਵੱਖਰਾ ਚੋਣ ਮੁਕਾਬਲਾ ਕਰਦੀਆਂ ਨਜ਼ਰ ਆਉਣਗੀਆਂ।