ਨਿਗਮ ਚੋਣਾਂ : ਚਰਚਾ ਦਾ ਵਿਸ਼ਾ ਬਣਿਆ ‘ਜੈਨ-ਜ਼ੀ’ ਉਮੀਦਵਾਰ ਨਿਗਮ ਚੋਣਾਂ : ਚਰਚਾ ਦਾ ਵਿਸ਼ਾ ਬਣਿਆ 'ਜੈਨ-ਜ਼ੀ' ਉਮੀਦਵਾਰ
Publish Date: Thu, 26 Nov 2026 04:47 PM (IST)
Updated Date: Thu, 26 Nov 2026 04:49 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਨਗਰ ਨਿਗਮ ਚੋਣਾਂ ਦੇ ਭਖਦੇ ਅਖਾੜੇ ਵਿੱਚ ਜਿੱਥੇ ਸਿਆਸਤ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ, ਉੱਥੇ ਹੀ ਪਟਿਆਲਾ ਦੇ ਵਾਰਡ ਨੰਬਰ 38 ਤੋਂ ‘ਜੈਨ-ਜ਼ੀ’ ਉਮੀਦਵਾਰ ਯੁਵਰਾਜ ਜੁਨੇਜਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮਹਿਜ਼ 23 ਸਾਲ ਦੀ ਉਮਰ ਵਿੱਚ ਚੋਣ ਮੈਦਾਨ ਵਿੱਚ ਉੱਤਰੇ ਯੁਵਰਾਜ ਨੂੰ ਲੈ ਕੇ ‘ਜੈਨ-ਜ਼ੀ’ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਚਰਚਾ ਪਾਈ ਜਾ ਰਹੀ ਹੈ। ਦੇਸ਼-ਵਿਦੇਸ਼ ਦੀਆਂ ਨਾਮੀ ਸੰਸਥਾਵਾਂ ਤੋਂ ਉੱਚ ਸਿੱਖਿਆ ਹਾਸਲ ਕਰ ਕੇ ਆਪਣੇ ਵਤਨ ਪਰਤੇ ਯੁਵਰਾਜ ਜੁਨੇਜਾ ਦਾ ਮੁੱਖ ਉਦੇਸ਼ ਸਿਆਸਤ ਵਿੱਚ ਆ ਕੇ ਜ਼ਮੀਨੀ ਪੱਧਰ ’ਤੇ ਵੱਡੇ ਅਤੇ ਸਕਾਰਾਤਮਕ ਸੁਧਾਰ ਲਿਆਉਣਾ ਹੈ। ਆਪਣੀ ਸਿੱਖਿਆ ਬਾਰੇ ਜਾਣਕਾਰੀ ਦਿੰਦਿਆਂ ਯੁਵਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਦੇ ਵੱਕਾਰੀ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐੱਸ) ਅਤੇ ਨਾਭਾ ਦੇ ਪੰਜਾਬ ਪਬਲਿਕ ਸਕੂਲ (ਪੀਪੀਐੱਸ) ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉੱਚ ਸਿੱਖਿਆ ਲਈ ਉਹ ਕੈਨੇਡਾ ਚਲੇ ਗਏ, ਜਿੱਥੇ ਟਰਾਂਟੋ ਵਿੱਚ ਦੋ ਸਾਲ ਰਹਿ ਕੇ ਉਨ੍ਹਾਂ ਨੇ ਬੀਬੀਏ ਦੀ ਡਿਗਰੀ ਹਾਸਲ ਕੀਤੀ। ਵਿਦੇਸ਼ ਵਿੱਚ ਚੰਗੇ ਭਵਿੱਖ ਦੇ ਮੌਕੇ ਹੋਣ ਦੇ ਬਾਵਜੂਦ ਆਪਣੀ ਮਿੱਟੀ ਅਤੇ ਜੜ੍ਹਾਂ ਦਾ ਮੋਹ ਉਨ੍ਹਾਂ ਨੂੰ ਮੁੜ ਪਟਿਆਲਾ ਖਿੱਚ ਲਿਆਇਆ। ਯੁਵਰਾਜ ਜੁਨੇਜਾ ਨੂੰ ਸਿਆਸਤ ਅਤੇ ਸਮਾਜ ਸੇਵਾ ਦੀ ਗੁੜ੍ਹਤੀ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ। ਉਨ੍ਹਾਂ ਦੇ ਪਿਤਾ ਹਰਪਾਲ ਜੁਨੇਜਾ ਇਲਾਕੇ ਦੇ ਉੱਘੇ ਸਿਆਸੀ ਆਗੂ ਹਨ, ਜਿਨ੍ਹਾਂ ਨੇ ਸਾਲ 2012 ਵਿਚ ਪਹਿਲੀ ਕੌਂਸਲਰ ਚੋਣ ਲੜੀ ਤੇ ਜਿੱਤੀ। ਇਸਤੋਂ ਬਾਅਦ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਅਤੇ ਮੌਜੂਦਾ ਸਮੇਂ ਪੀਆਰਟੀਸੀ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੇ ਦਾਦਾ ਭਗਵਾਨ ਦਾਸ ਜੁਨੇਜਾ ਇੱਕ ਪ੍ਰਸਿੱਧ ਸਮਾਜ ਸੇਵੀ ਹਨ, ਜਿਨ੍ਹਾਂ ਨੂੰ ਵਾਤਾਵਰਣ ਪ੍ਰਤੀ ਉਨ੍ਹਾਂ ਦੇ ਸਮਰਪਣ ਕਾਰਨ ਗਰੀਨ ਮੈਨ ਵਜੋਂ ਜਾਣਿਆ ਜਾਂਦਾ ਹੈ, ਇਹ ਵੀ 2014 ਵਿਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ। ਯੁਵਰਾਜ ਅਨੁਸਾਰ ਉਨ੍ਹਾਂ ਨੇ ਆਪਣੇ ਦਾਦਾ ਦੀ ਸਮਾਜ ਸੇਵਾ ਦੀ ਵਿਰਾਸਤ ਅਤੇ ਪਿਤਾ ਦੇ ਸਿਆਸੀ ਤਜ਼ਰਬੇ ਨੂੰ ਨਾਲ ਲੈ ਕੇ ਚੱਲਣ ਦਾ ਫੈਸਲਾ ਕਰਦਿਆਂ ਇਸ ਵਾਰ ਨਿਗਮ ਚੋਣਾਂ ਵਿੱਚ ਕੁੱਦਣ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਛਾ ਹੈ ਕਿ ਉਹ ਰਾਜਨੀਤੀ ਵਿੱਚ ਸਾਫ਼-ਸੁਥਰਾ ਅਕਸ ਪੇਸ਼ ਕਰਕੇ ਹੋਰਨਾਂ ਨੌਜਵਾਨਾਂ ਨੂੰ ਵੀ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਸਹੀ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕਰਨ।