- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਚੋਣਾਂ ਲਈ ’ਸਿਆਸੀ ਵਿੰਗ’ ਦਾ ਐਲਾਨ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਮੁਲਾਜ਼ਮ ਮੰਗਾਂ ਦੀ ਪੂਰਤੀ ਵਾਸਤੇ ‘ਸਿਆਸੀ ਵਿੰਗ’ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਥੇ ਸੁਖਚੈਨ ਸਿੰਘ ਖਹਿਰਾ ਮੁੱਖ ਕੋਆਰਡੀਨੇਟਰ ਸਾਂਝਾ ਮੁਲਾਜ਼ਮ ਮੰਚ, ਬੱਚਿਤਰ ਸਿੰਘ ਕੋਆਡੀਨੇਟਰ ਅਤੇ ਖੁਸ਼ਵਿੰਦਰ ਕਪਿਲਾ ਕੋਆਰਡੀਨੇਟਰ ਤੇ ਸਾਥੀਆਂ ਨੇ ਕੀਤਾ ਹੈ। ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਦੱਸਿਆ ਕਿ ਸਿਆਸੀ ਵਿੰਗ ਬਣਾਉਣ ਦਾ ਫੈਸਲਾ ਇਸ ਕਰ ਕੇ ਲੈਣਾ ਪਿਆ ਕਿਉਂਕਿ ਸਿਆਸੀ ਪਾਰਟੀਆਂ ਹਮੇਸ਼ਾ ਮੁਲਾਜ਼ਮਾਂ ਨਾਲ ਧੋਖਾ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਸਿਆਸੀ ਵਿੰਗ ਵੱਲੋਂ ਪਹਿਲਾਂ 23 ਜ਼ਿਲ੍ਹਾ ਪੱਧਰੀ ਯੂਨਿਟ ਬਣਾਏ ਜਾਣਗੇ ਤੇ ਫਿਰ ਸੂਬਾ ਪੱਧਰ ’ਤੇ ਕਮੇਟੀ ਗਠਿਤ ਕੀਤੀ ਜਾਵੇਗੀ। ਇਹ ਕਮੇਟੀ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਤੋਂ ਮੁਲਾਜ਼ਮ ਮੰਗਾਂ ਦੀ ਪੂਰਤੀ ਵਾਸਤੇ ਖਾਕਾ ਮੰਗੇਗੀ ਤੇ ਜਿਹੜੀ ਪਾਰਟੀ ਮੁਲਾਜ਼ਮਾਂ ਨੂੰ ਸਮਾਂ ਬੱਧ ਤਰੀਕੇ ਨਾਲ ਮੰਗਾਂ ਪੂਰਤੀ ਦਾ ਭਰੋਸਾ ਦੇਵੇਗੀ, ਉਸ ਪਾਰਟੀ ਦੀ ਹਮਾਇਤ ਪੰਜਾਬ ਚੋਣਾਂ ਵਿਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੱਲ 8 ਲੱਖ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਪਰਿਵਾਰਾਂ ਦੀਆਂ 40 ਲੱਖ ਤੋਂ ਵੱਧ ਵੋਟਾਂ ਬਣਦੀਆਂ ਹਨ ਤੇ ਇਸ ਵਿਚੋਂ 70 ਫ਼ੀਸਦੀ ਵੋਟਾਂ ਇਸ ਵਾਰ ਇਸ ਸਰਕਾਰ ਦੇ ਉਲਟ ਪੈਣਗੀਆਂ।