ਲਹਿਲ ਕਾਲੋਨੀ ਵਾਸੀਆਂ ਦੀ ਮੁਸ਼ਤੈਦੀ ਅੱਗੇ ਫੇਲ੍ਹ ਹੋਏ ਚੋਰਾਂ ਦੇ ਮਨਸੂਬੇ ਲਹਿਲ ਕਲੋਨੀ ਵਾਸੀਆਂ ਦੀ ਮੁਸਤੈਦੀ ਅੱਗੇ ਫੇਲ੍ਹ ਹੋਏ ਚੋਰਾਂ ਦੇ ਮਨਸੂਬੇ
Publish Date: Wed, 25 Nov 2026 06:43 PM (IST)
Updated Date: Wed, 25 Nov 2026 06:46 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਗਾਰਣ, ਪਟਿਆਲਾ : ਸ਼ਹਿਰ ਦੇ ਪਾਸ਼ ਇਲਾਕਿਆਂ ਵਿੱਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਵਿੱਚ ਹੁਣ ਲੋਕਾਂ ਨੇ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਚੁੱਕਦਿਆਂ ਚੋਰਾਂ ਨੂੰ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਸ਼ਹਿਰ ਦੀ ਲਹਿਲ ਕਾਲੋਨੀ ਦੇ ਵਸਨੀਕਾਂ ਨੇ ਬੀਤੀ ਰਾਤ ਆਪਣੀ ਸੂਝ-ਬੂਝ ਅਤੇ ਏਕਤਾ ਦਾ ਸਬੂਤ ਦਿੰਦਿਆਂ ਠੀਕਰੀ ਪਹਿਰਾ ਲਗਾ ਕੇ ਦੋ ਚੋਰਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਕਾਲੋਨੀ ਵਾਸੀਆਂ ਨੇ ਦੋਵਾਂ ਮੁਲਜ਼ਮਾਂ ਦੀ ਚੰਗੀ ਤਰ੍ਹਾਂ ਛਿੱਤਰ-ਪਰੇਡ ਕਰਨ ਤੋਂ ਬਾਅਦ ਉਨ੍ਹਾਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਕਲੋਨੀ ਵਿੱਚ ਚੋਰਾਂ ਨੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਚੋਰੀਆਂ ਦਾ ਇਹ ਸਿਲਸਿਲਾ 21 ਨਵੰਬਰ ਦੀ ਸ਼ਾਮ ਨੂੰ ਸ਼ੁਰੂ ਹੋਇਆ, ਜਦੋਂ ਚੋਰਾਂ ਨੇ ਕਲੋਨੀ ਵਿੱਚ ਕੱਪੜੇ ਪ੍ਰੈੱਸ ਕਰਨ ਵਾਲੇ ਇੱਕ ਗ਼ਰੀਬ ਵਿਅਕਤੀ ਦਾ ਸਾਈਕਲ ਚੋਰੀ ਕਰ ਲਿਆ। ਇਸ ਤੋਂ ਅਗਲੀ ਰਾਤ ਚੋਰਾਂ ਨੇ ਇਲਾਕੇ ਵਿੱਚ ਬਣ ਰਹੀ ਇੱਕ ਨਵੀਂ ਕੋਠੀ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੋਂ ਬਿਜਲੀ ਦੀਆਂ ਸਾਰੀਆਂ ਕੀਮਤੀ ਤਾਰਾਂ ਕੱਟ ਕੇ ਲੈ ਗਏ। ਹੌਸਲੇ ਇੰਨੇ ਬੁਲੰਦ ਸਨ ਕਿ 23 ਨਵੰਬਰ ਦੀ ਰਾਤ ਨੂੰ ਚੋਰਾਂ ਨੇ ਮੁੜ ਕਾਲੋਨੀ ਵਿੱਚ ਦਸਤਕ ਦਿੱਤੀ ਅਤੇ ਇੱਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਦਿੱਤੇ, ਪਰ ਸ਼ਟਰ ਦਾ ਸੈਂਟਰ ਲਾਕ ਨਾ ਖੁੱਲ੍ਹਣ ਕਾਰਨ ਦੁਕਾਨ ਦਾ ਸਾਮਾਨ ਬਚ ਗਿਆ। ਇਸੇ ਰਾਤ ਚੋਰਾਂ ਨੇ ਇੱਕ ਹੋਰ ਕੋਠੀ ਦੀ ਕੰਧ ਟੱਪ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰਕ ਮੈਂਬਰਾਂ ਦੇ ਜਾਗ ਜਾਣ ਕਾਰਨ ਉਹ ਮੌਕੇ ਤੋਂ ਫ਼ਰਾਰ ਹੋ ਗਏ। ਚੋਰ ਫੜਣ ਦੀ ਬਣਾਈ ਯੋਜਨਾ : ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਤੰਗ ਆ ਕੇ ਕਾਲੋਨੀ ਵਾਸੀਆਂ ਨੇ ਪੰਜਵੀਂ ਰਾਤ ਚੋਰਾਂ ਨੂੰ ਘੇਰਨ ਲਈ ਇੱਕ ਖਾਸ ਯੋਜਨਾ ਬਣਾਈ। ਇਲਾਕਾ ਵਾਸੀ ਨਵਲ ਅਰੋੜਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕੁਝ ਲੋਕ ਆਪਣੇ ਘਰਾਂ ਦੇ ਅੰਦਰ ਬੈਠ ਕੇ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੁਟੇਜ ’ਤੇ ਨਜ਼ਰ ਰੱਖਣ ਲੱਗੇ, ਜਦਕਿ ਕੁਝ ਨੌਜਵਾਨ ਗਲੀਆਂ ਵਿੱਚ ਪਹਿਰਾ ਦੇਣ ਲੱਗੇ ਅਤੇ ਕਈਆਂ ਨੇ ਘਰਾਂ ਦੀਆਂ ਛੱਤਾਂ ’ਤੇ ਮੋਰਚੇ ਸੰਭਾਲ ਲਏ। ਰਾਤ ਕਰੀਬ ਸਵਾ 12 ਵਜੇ ਸੀਸੀਟੀਵੀ ਕੈਮਰਿਆਂ ਵਿੱਚ ਕੁਝ ਸ਼ੱਕੀ ਵਿਅਕਤੀ ਘੁੰਮਦੇ ਦਿਖਾਈ ਦਿੱਤੇ, ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡੰਡੇ ਫੜੇ ਹੋਏ ਸਨ। ਕੈਮਰੇ ’ਚ ਦਿਖਿਆਂ ਹੀ ਇਕੱਠੇ ਹੋਏ ਲੋਕ : ਕੈਮਰੇ ਵਿੱਚ ਹਲਚਲ ਦੇਖਦਿਆਂ ਹੀ ਤੁਰੰਤ ਫੋਨ ਰਾਹੀਂ ਬਾਕੀ ਇਲਾਕਾ ਨਿਵਾਸੀਆਂ ਨੂੰ ਸੁਚੇਤ ਕੀਤਾ ਗਿਆ। ਦੇਖਦੇ ਹੀ ਦੇਖਦੇ ਪੂਰੀ ਕਲੋਨੀ ਇਕੱਠੀ ਹੋ ਗਈ ਅਤੇ ਚਾਰੇ ਪਾਸਿਓਂ ਘੇਰਾਬੰਦੀ ਕਰ ਲਈ। ਆਪਣੇ ਆਪ ਨੂੰ ਘਿਰਿਆ ਦੇਖ ਕੇ ਮੁਲਜ਼ਮ ਕਲੋਨੀ ਦੇ ਪਾਰਕ ਵਿੱਚ ਜਾ ਲੁਕੇ, ਪਰ ਮੁਸਤੈਦ ਲੋਕਾਂ ਨੇ ਪਾਰਕ ਵਿੱਚੋਂ ਦੋ ਮੁਲਜ਼ਮਾਂ ਨੂੰ ਦਬੋਚ ਲਿਆ। ਉਨ੍ਹਾਂ ਕੋਲੋਂ ਤਲਵਾਰ ਅਤੇ ਹੋਰ ਮਾਰੂ ਹਥਿਆਰ ਵੀ ਬਰਾਮਦ ਹੋਏ ਹਨ। ਲੋਕਾਂ ਵੱਲੋਂ ਕੀਤੀ ਸਖ਼ਤ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਵਿਅਕਤੀਆਂ ਨੇ ਮੰਨਿਆ ਕਿ ਉਹ ਪਹਿਲਾਂ ਵੀ ਇਸੇ ਇਲਾਕੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਫਿਲਹਾਲ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।