- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ 46 ਵਿੱਚ ਨਵਾਂ ਸਮੀਕਰਨ: ਗਠਜੋੜ ਦਾ ਪਹਿਲਾ ਸਾਂਝਾ ਉਮੀਦਵਾਰ

ਸੀਨੀਅਰ ਰਿਪਰਟਰ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀ ਸਿਆਸਤ ਵਿੱਚ ਇੱਕ ਅਹਿਮ ਘਟਨਾਕ੍ਰਮ ਸਾਹਮਣੇ ਆਇਆ ਹੈ। ਸਥਾਨਕ ਸਿਆਸੀ ਹਲਕਿਆਂ ਅਤੇ ਮਿਲੀ ਜਾਣਕਾਰੀ ਮੁਤਾਬਕ, ਸ਼ਹਿਰ ਦੇ ਵਾਰਡ ਨੰਬਰ 46 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗਠਜੋੜ ਨੂੰ ਆਪਣਾ ਪਹਿਲਾ ਸਾਂਝਾ ਉਮੀਦਵਾਰ ਮਿਲ ਗਿਆ ਹੈ। ਇਹ ਸਥਿਤੀ ਉਦੋਂ ਬਣੀ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਨੇ ਚੋਣ ਮੈਦਾਨ ਛੱਡ ਕੇ ਸੱਤਾਧਿਰ ਪਾਰਟੀ ਦਾ ਪੱਲਾ ਫੜ ਲਿਆ।
ਪ੍ਰਾਪਤ ਵੇਰਵਿਆਂ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 46 ਤੋਂ ਲੱਕੀ ਚਾਵਲਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਹਾਲਾਂਕਿ, ਚੋਣ ਪ੍ਰਚਾਰ ਦੀ ਸ਼ੁਰੂਆਤ ਹੁੰਦਿਆਂ ਹੀ ਲੱਕੀ ਚਾਵਲਾ ਨੇ ਆਪਣੀ ਪਾਰਟੀ ਦਾ ਸਾਥ ਛੱਡਦਿਆਂ ਸੱਤਾਧਿਰ ਪਾਰਟੀ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਇਸ ਕਦਮ ਕਾਰਨ ਇਸ ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਧਿਕਾਰਤ ਉਮੀਦਵਾਰ ਮੈਦਾਨ ਵਿੱਚ ਨਹੀਂ ਰਿਹਾ। ਇਸ ਸਿਆਸੀ ਫੇਰਬਦਲ ਤੋਂ ਬਾਅਦ, ਭਾਈਵਾਲ ਪਾਰਟੀ ਭਾਜਪਾ ਦੇ ਉਮੀਦਵਾਰ ਵਰੁਣ ਜਿੰਦਲ ਨੂੰ ਹੀ ਦੋਹਾਂ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਦਾ ਇਕੋ ਸਾਂਝਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਗਠਜੋੜ ਦੇ ਐਲਾਨ ਦੇ ਨਾਲ ਹੀ ਵਾਰਡ ਨੰਬਰ 46 ਵਿੱਚ ਵਰੁਣ ਜਿੰਦਲ ਦੋਹਾਂ ਧਿਰਾਂ ਦੇ ਪਹਿਲੇ ਸਾਂਝੇ ਉਮੀਦਵਾਰ ਵਜੋਂ ਸਾਹਮਣੇ ਆਏ ਹਨ, ਜਿਸ ਨਾਲ ਇਸ ਵਾਰਡ ਦਾ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ। ਭੂਗੋਲਿਕ ਪੱਖੋਂ ਸ਼ਹਿਰ ਦੇ ਵਿਚਕਾਰ ਸਥਿਤ ਸੰਘਣੀ ਵਸੋਂ ਵਾਲੇ ਇਸ ਅਹਿਮ ਵਾਰਡ ਵਿੱਚ ਹੁਣ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਜੇਸ਼ ਗੁਪਤਾ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਕਾਂਗਰਸ ਪਾਰਟੀ ਵੱਲੋਂ ਰਜੇਸ਼ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਦੋਹਾਂ ਉਮੀਦਵਾਰਾਂ ਦੇ ਸਾਹਮਣੇ ਹੁਣ ਗਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਵਰੁਣ ਜਿੰਦਲ ਚੋਣ ਲੜ ਰਹੇ ਹਨ।
ਜੇਕਰ ਵਰੁਣ ਜਿੰਦਲ ਦੇ ਸਿਆਸੀ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਮੌਜੂਦਾ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਪਾਰਟੀ ਦੇ ਸੰਗਠਨ ਵਿੱਚ ਕਈ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ, ਜਿਨ੍ਹਾਂ ਵਿੱਚ ਯੁਵਾ ਮੋਰਚਾ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਵਰਗੇ ਅਹਿਮ ਅਹੁਦੇ ਸ਼ਾਮਲ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਵੇਂ ਬਣੇ ਸਿਆਸੀ ਸਮੀਕਰਨ ਦਾ ਵਾਰਡ ਨੰਬਰ 46 ਦੇ ਵੋਟਰਾਂ 'ਤੇ ਕੀ ਅਸਰ ਪੈਂਦਾ ਹੈ।
- ਗਠਜੋੜ ਤਹਿਤ ਪੂਰਾ ਸਾਥ ਦੇਵਾਂਗੇ : ਬਜਾਜ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਗਠਜੋੜ ਧਰਮ ਨਿਭਾਉਂਦਿਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਰੁਣ ਜਿੰਦਲ ਨੂੰ ਪੂਰਾ ਸਾਥ ਦੇਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਅਮਰਿੰਦਰ ਸਿੰਘ ਬਜਾਜ ਨੇ ਸਪੱਸ਼ਟ ਕੀਤਾ ਕਿ ਭਾਵੇਂ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਮੈਦਾਨ ਛੱਡਣ ਕਾਰਨ ਹੁਣ ਵਾਰਡ ਨੰਬਰ 46 ਵਿੱਚ ਪਾਰਟੀ ਦਾ ਆਪਣਾ ਉਮੀਦਵਾਰ ਨਹੀਂ ਰਿਹਾ, ਪਰ ਭਾਈਵਾਲ ਪਾਰਟੀ ਭਾਜਪਾ ਦਾ ਉਮੀਦਵਾਰ ਚੋਣ ਮੈਦਾਨ ਵਿੱਚ ਹੈ ਅਤੇ ਗਠਜੋੜ ਤਹਿਤ ਵੱਡੇ ਭਰਾ ਵਾਲੀ ਭੂਮਿਕਾ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਵਰਕਰ ਵਰੁਣ ਜਿੰਦਲ ਦਾ ਡੱਟ ਕੇ ਸਾਥ ਦੇਣਗੇ।