ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਉਮੀਦਵਾਰ ਨੇ ਬਦਲਿਆ ਪਾਲਾ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਉਮੀਦਵਾਰ ਨੇ ਬਦਲਿਆ ਪਾਲਾ
Publish Date: Tue, 24 Nov 2026 06:21 PM (IST)
Updated Date: Tue, 24 Nov 2026 06:22 PM (IST)
ਨਿਗਮ ਚੋਣਾਂ : ਵਾਰਡ 46 ਤੋਂ ਅਕਾਲੀ ਦਲ ਦਾ ਉਮੀਦਵਾਰ ‘ਆਪ’ ’ਚ ਸ਼ਾਮਲ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਟਿਆਲਾ ਦੀ ਸਥਾਨਕ ਸਿਆਸਤ ’ਚ ਇੱਕ ਅਹਿਮ ਬਦਲਾਅ ਦੇਖਣ ਨੂੰ ਮਿਲਿਆ ਹੈ। ਵਾਰਡ ਨੰਬਰ 46 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਪ੍ਰੀਤ ਸਿੰਘ ਲੱਕੀ ਚਾਵਲਾ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ। ਸਿਆਸੀ ਹਲਕਿਆਂ ਅਤੇ ਸਥਾਨਕ ਸੂਤਰਾਂ ਮੁਤਾਬਕ, ਚੋਣਾਂ ਦੇ ਐਨ ਮੌਕੇ ਤੇ ਹੋਈ ਇਸ ਤਬਦੀਲੀ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਅਜਿਹੇ ਸਮੇਂ ਜਦੋਂ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹਨ। ਜਸਪ੍ਰੀਤ ਸਿੰਘ ਲੱਕੀ ਚਾਵਲਾ ਦੇ ਇਸ ਫੈਸਲੇ ਨਾਲ ਵਾਰਡ ਨੰਬਰ 46 ਦੇ ਚੋਣ ਸਮੀਕਰਨਾਂ ਅਤੇ ਸਥਾਨਕ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਜਸਪ੍ਰੀਤ ਸਿੰਘ ਲੱਕੀ ਚਾਵਲਾ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਅਨੁਸਾਰ, ਇਸ ਸਮਾਗਮ ਦੌਰਾਨ ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ ਕੁਮਾਰ ਲੱਕੀ ਅਤੇ ਉਨ੍ਹਾਂ ਦੀ ਪਤਨੀ, ਜੋ ਕਿ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਨ, ਆਰਤੀ ਗੁਪਤਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਦਾਅਵਾ ਕੀਤਾ ਗਿਆ ਕਿ ਜਸਪ੍ਰੀਤ ਸਿੰਘ ਲੱਕੀ ਚਾਵਲਾ ਦੇ ਸ਼ਾਮਲ ਹੋਣ ਨਾਲ ਵਾਰਡ ਨੰਬਰ 46 ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਇਸ ਸਿਆਸੀ ਫੇਰਬਦਲ ਦਾ ਆਉਣ ਵਾਲੀਆਂ ਚੋਣਾਂ ਤੇ ਕੀ ਅਸਰ ਪੈਂਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਡੱਬੀ ਗਿਆ ਤਾਂ ਕੋਈ ਗੱਲ ਨਹੀਂ : ਬਜਾਜ ਸ਼੍ਰੋਮਣੀ ਅਕਾਲੀ ਦਲ ਹਕਲਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਲੱਕੀ ਚਾਵਲਾ ਕਈ ਸਾਲ ਤੋਂ ਅਕਾਲੀ ਦਲ ਲਈ ਕੰਮ ਕਰ ਰਹੇ ਸਨ ਤੇ ਉਨਾਂ ਦੇ ਕਰੀਬੀ ਵੀ ਰਹੇ ਹਨ, ਜੇਕਰ ਚਲੇ ਗਏ ਤਾਂ ਕੋਈ ਗੱਲ ਨਹੀਂ। ਬਜਾਜ ਨੇ ਦੋਸ਼ ਲਗਾਇਆ ਕਿ ਸੱਤਾਧਿਰ ਦੇ ਦਬਾਅ ਹੇਠ ਅਜਿਹਾ ਵੱਡਾ ਕਦਮ ਚੁੱਕਿਆ ਹੋ ਸਕਦਾ ਹੈ। ਬਜਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੇਕਰ ਚੰਗੇ ਕੰਮ ਕੀਤੇ ਹੁੰਦੇ ਤਾਂ ਅੱਜ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਉਮੀਦਵਾਰ ਬਣਾਉਂਦੇ। ਬਜਾਜ ਨੇ ਕਿਹਾ ਕਿ ਇਸਤੋਂ ਸਪਸ਼ਟ ਹੈਕਿ ਆਮ ਆਦਮੀ ਪਾਰਟੀ ਕੋਲ ਆਪਣੇ ਉਮੀਦਵਾਰ ਵੀ ਪੂਰੇ ਨਹੀਂ ਹੋਏ।