ਗਠਜੋੜ ਦੇ ਐਲਾਨ ਨੇ ਉਲਝਾਇਆ ਪਟਿਆਲਾ ਨਿਗਮ ਚੋਣਾਂ ਦਾ ਗਣਿਤ ਗਠਜੋੜ ਦੇ ਐਲਾਨ ਨੇ ਉਲਝਾਇਆ ਪਟਿਆਲਾ ਨਿਗਮ ਚੋਣਾਂ ਦਾ ਗਣਿਤ
Publish Date: Tue, 24 Nov 2026 06:17 PM (IST)
Updated Date: Tue, 24 Nov 2026 06:19 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਸੂਬੇ ਦੀ ਸਿਆਸਤ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਮੁੜ ਪਈ ਸਿਆਸੀ ਜੱਫੀ ਨੇ ਪਟਿਆਲਾ ਨਗਰ ਨਿਗਮ ਦੀਆਂ 30 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਨੂੰ ਬੇਹੱਦ ਦਿਲਚਸਪ ਤੇ ਪੇਚੀਦਾ ਮੋੜ ਤੇ ਲਿਆ ਖੜ੍ਹਾ ਕੀਤਾ ਹੈ। ਇੱਕ ਪਾਸੇ ਦਿੱਲੀ ਤੇ ਚੰਡੀਗੜ੍ਹ ਦੇ ਸਿਆਸੀ ਗਲਿਆਰਿਆਂ ’ਚ ਦੋਵਾਂ ਪਾਰਟੀਆਂ ਦੇ ਸਿਖਰਲੇ ਆਗੂ ਮਿਲ ਕੇ ਚੋਣਾਂ ਲੜਨ ਦਾ ਬਿਗੁਲ ਵਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਪਟਿਆਲਾ ਦੀਆਂ ਗਲੀਆਂ ’ਚ ਦੋਵਾਂ ਪਾਰਟੀਆਂ ਦੇ ਉਮੀਦਵਾਰ ਇੱਕ-ਦੂਜੇ ਦੇ ਖ਼ਿਲਾਫ਼ ਹੀ ਚੋਣ ਪ੍ਰਚਾਰ ਵਿੱਚ ਪੂਰੀ ਵਾਹ ਲਾ ਰਹੇ ਹਨ। ਦਰਅਸਲ, ਗੱਠਜੋੜ ਦਾ ਰਸਮੀ ਐਲਾਨ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਤੇ ਭਾਜਪਾ ਨੇ ਪਟਿਆਲਾ ਨਿਗਮ ਦੇ 30 ਵਾਰਡਾਂ ਲਈ ਆਪੋ-ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਸਨ। ਹੁਣ ਜਦੋਂ ਨਾਮਜ਼ਦਗੀਆਂ ਦਾ ਅਮਲ ਅੱਗੇ ਵਧ ਚੁੱਕਾ ਹੈ ਤੇ ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਇਸ ਨਵੇਂ ਸਿਆਸੀ ਸਮੀਕਰਨ ਨੇ ਸਥਾਨਕ ਪੱਧਰ ਤੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਡੱਬੀ ਲੀਡਰਸ਼ਿਪ ਨੂੰ ਵੀ ਸਥਿਤੀ ਸਪੱਸ਼ਟ ਨਹੀਂ ਗੱਠਜੋੜ ਦੇ ਐਲਾਨ ਤੋਂ ਬਾਅਦ ਸ਼ਹਿਰ ਦੀ ਸਿਆਸਤ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਦੋਵੇਂ ਪਾਰਟੀਆਂ ਨਗਰ ਨਿਗਮ ਚੋਣਾਂ ਵੀ ਮਿਲ ਕੇ ਲੜਨਗੀਆਂ ਜਾਂ ਫਿਰ ਸਥਾਨਕ ਪੱਧਰ ਤੇ ਆਪੋ-ਆਪਣੇ ਉਮੀਦਵਾਰ ਉਤਾਰ ਕੇ ਇੱਕ-ਦੂਜੇ ਦੇ ਸਾਹਮਣੇ ਚੋਣ ਤਾਲ ਠੋਕਣਗੀਆਂ? ਫਿਲਹਾਲ ਦੋਵਾਂ ਪਾਰਟੀਆਂ ਦੀ ਸਥਾਨਕ ਲੀਡਰਸ਼ਿਪ ਵੀ ਇਸ ਸਵਾਲ ਤੇ ਕੋਈ ਸਪੱਸ਼ਟ ਜਵਾਬ ਦੇਣ ਦੀ ਸਥਿਤੀ ’ਚ ਨਹੀਂ ਹੈ। ਆਗੂਆਂ ਦਾ ਕਹਿਣਾ ਹੈ ਕਿ ਨਿਗਮ ਚੋਣਾਂ ਨੂੰ ਲੈ ਕੇ ਪਾਰਟੀ ਹਾਈਕਮਾਨ ਵੱਲੋਂ ਅਜੇ ਤੱਕ ਕੋਈ ਦਿਸ਼ਾ-ਨਿਰਦੇਸ਼ ਨਹੀਂ ਮਿਲੇ ਹਨ। ਅਜਿਹੇ ’ਚ ਸੀਟਾਂ ਦੀ ਵੰਡ ਤੋਂ ਲੈ ਕੇ ਚੋਣ ਤਾਲਮੇਲ ਤੱਕ ਦੀ ਪੂਰੀ ਰਣਨੀਤੀ ਹਾਈਕਮਾਨ ਦੇ ਫੈਸਲੇ ਤੇ ਨਿਰਭਰ ਕਰੇਗੀ। ਡੱਬੀ ਬਦਲਣੇ ਪੈ ਰਹੇ ਸੁਰ ਕੱਲ੍ਹ ਤੱਕ ਜਿਹੜੇ ਅਕਾਲੀ ਤੇ ਭਾਜਪਾ ਵਰਕਰ ਇੱਕ-ਦੂਜੇ ਦੀਆਂ ਨੀਤੀਆਂ ਦੀ ਆਲੋਚਨਾ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਉੱਪਰੋਂ ਆਏ ਗੱਠਜੋੜ ਦੇ ਹੁਕਮਾਂ ਮੁਤਾਬਕ ਸੁਰ ਬਦਲਣੇ ਪੈ ਰਹੇ ਹਨ। ਵੋਟਰਾਂ ’ਚ ਵੀ ਇਹੀ ਭੰਬਲਭੂਸਾ ਹੈ ਕਿ ਉਹ ਤੱਕੜੀ ਦਾ ਬਟਨ ਦੱਬਣ ਜਾਂ ਕਮਲ ਦਾ। ਜਿਹੜੇ ਉਮੀਦਵਾਰ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਤੇ ਪੈਸਾ ਤੇ ਸਮਾਂ ਲਾ ਰਹੇ ਹਨ, ਉਨ੍ਹਾਂ ਲਈ ਹੁਣ ਮੈਦਾਨ ਛੱਡਣਾ ਸੌਖਾ ਨਹੀਂ ਹੋਵੇਗਾ। ਜ਼ਮੀਨੀ ਪੱਧਰ ਤੇ ਵਰਕਰਾਂ ’ਚ ਵੀ ਅਜੀਬ ਸਥਿਤੀ ਬਣੀ ਹੋਈ ਹੈ। ਕੁੱਲ ਮਿਲਾ ਕੇ, ਪਟਿਆਲਾ ਨਿਗਮ ਦੀਆਂ ਇਹ ਚੋਣਾਂ ਹੁਣ ਸਿਰਫ਼ ਜਿੱਤ-ਹਾਰ ਤੱਕ ਸੀਮਤ ਨਹੀਂ ਰਹੀਆਂ, ਸਗੋਂ ਇਹ ਅਕਾਲੀ-ਭਾਜਪਾ ਦੇ ਜ਼ਮੀਨੀ ਤਾਲਮੇਲ ਤੇ ਸਿਆਸੀ ਸੂਝ-ਬੂਝ ਦਾ ਸਭ ਤੋਂ ਵੱਡਾ ਇਮਤਿਹਾਨ ਬਣ ਗਈਆਂ ਹਨ। ਡੱਬੀ ਆਪੋ ਆਪਣਾ ਪ੍ਰਚਾਰ ਜ਼ੋਰਾਂ ’ਤੇ ਹਾਲਾਂਕਿ, ਗੱਠਜੋੜ ਨੂੰ ਲੈ ਕੇ ਅੰਤਿਮ ਤਸਵੀਰ ਭਾਵੇਂ ਸਪੱਸ਼ਟ ਨਾ ਹੋਵੇ ਪਰ ਵਾਰਡਾਂ ’ਚ ਚੋਣ ਤਿਆਰੀਆਂ ਰੁਕੀਆਂ ਨਹੀਂ। ਦੋਵਾਂ ਪਾਰਟੀਆਂ ਦੇ ਸੰਭਾਵੀ ਤੇ ਐਲਾਨੇ ਗਏ ਉਮੀਦਵਾਰ ਆਪੋ-ਆਪਣੇ ਇਲਾਕਿਆਂ ’ਚ ਲੋਕ-ਸੰਪਰਕ ਤੇ ਪ੍ਰਚਾਰ ਮੁਹਿੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਗੱਠਜੋੜ ਦੀ ਸੂਬਾ ਪੱਧਰੀ ਸਿਆਸਤ ਦੇ ਵਿਚਕਾਰ ਸਥਾਨਕ ਉਮੀਦਵਾਰਾਂ ਨੇ ਆਪੋ-ਆਪਣੇ ਵਾਰਡਾਂ ’ਚ ਜਿੱਤ ਦਾ ਗਣਿਤ ਬਿਠਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਉਨ੍ਹਾਂ ਦੀ ਰਣਨੀਤੀ ਸਿਰਫ਼ ਆਪਣੇ ਰਵਾਇਤੀ ਵੋਟ ਬੈਂਕ ਤੱਕ ਸੀਮਤ ਨਹੀਂ ਹੈ, ਸਗੋਂ ਦੂਜੀ ਪਾਰਟੀ ਦੇ ਸਮਰਥਕ ਵੋਟਰਾਂ ਨੂੰ ਵੀ ਆਪਣੇ ਪੱਖ ਵਿੱਚ ਲਾਮਬੰਦ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਡੱਬੀ ਮਜ਼ਬੂਤ ਸਥਿਤੀ ਦਾ ਹਿਸਾਬ-ਕਿਤਾਬ ਸੂਤਰਾਂ ਅਨੁਸਾਰ ਵਾਰਡਾਂ ਵਿੱਚ ਉਮੀਦਵਾਰਾਂ ਦੀ ਮਜ਼ਬੂਤ ਸਥਿਤੀ ਦੇ ਹਿਸਾਬ ਨਾਲ ਗਠਜੋੜ ਦੇ ਸੰਭਾਵਿਤ ਲਾਭ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਾਰਡਾਂ ਵਿੱਚ ਭਾਜਪਾ ਉਮੀਦਵਾਰ ਮਜ਼ਬੂਤ ਸਥਿਤੀ ਵਿੱਚ ਹਨ, ਉੱਥੇ ਅਕਾਲੀ ਦਲ ਦੇ ਸਮਰਥਕਾਂ ਅਤੇ ਉਸ ਦੇ ਰਵਾਇਤੀ ਸਿੱਖ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ, ਜਿਨ੍ਹਾਂ ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ ਮੰਨੀ ਜਾ ਰਹੀ ਹੈ, ਉੱਥੇ ਭਾਜਪਾ ਦੇ ਰਵਾਇਤੀ ਵੋਟ ਬੈਂਕ ਅਤੇ ਸਮਰਥਕਾਂ ਦੇ ਸਹਾਰੇ ਜਿੱਤ ਯਕੀਨੀ ਬਣਾਉਣ ਦਾ ਗਣਿਤ ਤਿਆਰ ਕੀਤਾ ਜਾ ਰਿਹਾ ਹੈ। ਭਾਵ ਸਥਾਨਕ ਪੱਧਰ ਤੇ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਲਈ ਇੱਕ-ਦੂਜੇ ਦਾ ਵੋਟ ਬੈਂਕ ਚੋਣ ਜਿੱਤ ਦੀ ਅਹਿਮ ਕੜੀ ਬਣ ਸਕਦਾ ਹੈ। ਡੱਬੀ ਹਾਈਕਮਾਨ ਦੇ ਨਿਰਦੇਸ਼ਾਂ ਤੇ ਟਿਕੀਆਂ ਨਜ਼ਰਾਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦਾ ਕਹਿਣਾ ਹੈ ਕਿ ਫਿਲਹਾਲ ਨਗਰ ਨਿਗਮ ਚੋਣਾਂ ਨੂੰ ਲੈ ਕੇ ਪਾਰਟੀ ਹਾਈਕਮਾਨ ਵੱਲੋਂ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਮਿਲੇ ਹਨ। ਅਜਿਹੇ ਵਿੱਚ ਭਾਜਪਾ ਦੇ ਉਮੀਦਵਾਰ ਆਪੋ-ਆਪਣੇ ਵਾਰਡਾਂ ਵਿੱਚ ਪ੍ਰਚਾਰ ਮੁਹਿੰਮ ਜਾਰੀ ਰੱਖਣਗੇ। ਹਾਈਕਮਾਨ ਵੱਲੋਂ ਨਿਰਦੇਸ਼ ਮਿਲਣ ਤੋਂ ਬਾਅਦ ਹੀ ਗਠਜੋੜ ਅਤੇ ਨਿਗਮ ਚੋਣਾਂ ਨੂੰ ਲੈ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸੇ ਤਰ੍ਹਾਂ ਹੀ ਸ੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਵੀ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ’ਅਨੁਸਾਰ ਅਗਲੀ ਰਣਨੀਤੀ ਤੈਅ ਕਰਨ ਦੀ ਗੱਲ ਕਹੀ ਹੈ।