ਭਾਜਪਾ ਦੇ ਹੋਏ ਕੰਬੋਜ, ਰਾਜਪੁਰਾ ’ਚ ਬਦਲੇ ਸਮੀਕਰਨ ਭਾਜਪਾ ਦੇ ਹੋਏ ਕੰਬੋਜ ਰਾਜਪੁਰਾ ਵਿਚ ਬਦਲੇ ਸਮੀਕਰਨ
Publish Date: Thu, 19 Nov 2026 07:30 PM (IST)
Updated Date: Fri, 20 Nov 2026 04:09 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਦੀ ਸਿਆਸਤ ਵਿੱਚ ਵੀਰਵਾਰ ਨੂੰ ਉਸ ਸਮੇਂ ਵੱਡਾ ਸਿਆਸੀ ਭੂਚਾਲ ਆ ਗਿਆ, ਜਦੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਹਲਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਕੰਬੋਜ ਦੇ ਇਸ ਫ਼ੈਸਲੇ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਪੁਰਾ ਦੇ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਕੰਬੋਜ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਭ ਤੋਂ ਵੱਡਾ ਸਵਾਲ ਭਾਜਪਾ ਦੇ ਉਨ੍ਹਾਂ ਆਗੂਆਂ ਦੀ ਸਿਆਸੀ ਭਵਿੱਖ ਨੂੰ ਲੈ ਕੇ ਖੜ੍ਹਾ ਹੋ ਗਿਆ ਹੈ, ਜੋ ਪਿਛਲੇ ਕਾਫ਼ੀ ਸਮੇਂ ਤੋਂ ਰਾਜਪੁਰਾ ਤੋਂ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਸਨ। ਇਨ੍ਹਾਂ ਵਿੱਚ ਜਗਦੀਸ਼ ਕੁਮਾਰ ਜੱਗਾ, ਚਰਨਜੀਤ ਸਿੰਘ ਬਰਾੜ, ਸਿਮਰਨਜੀਤ ਸਿੰਘ ਬਿੱਲਾ ਅਤੇ ਜਗਦੀਪ ਸਿੰਘ ਸੋਢੀ ਦੇ ਨਾਂ ਪ੍ਰਮੁੱਖ ਹਨ। ਹੁਣ ਕੰਬੋਜ ਦੀ ਭਾਜਪਾ ਵਿੱਚ ਐਂਟਰੀ ਨਾਲ ਇਨ੍ਹਾਂ ਆਗੂਆਂ ਦੀਆਂ ਟਿਕਟ ਦੀਆਂ ਉਮੀਦਾਂ ਨੂੰ ਵੱਡੀ ਚੁਣੌਤੀ ਮਿਲ ਸਕਦੀ ਹੈ। -ਬਾਕਸ- -2007 ’ਚ ਲੜੀ ਸੀ ਪਹਿਲੀ ਚੋਣ ਜ਼ਿਕਰਯੋਗ ਹੈ ਕਿ ਹਰਦਿਆਲ ਸਿੰਘ ਕੰਬੋਜ ਨੇ 2007 ਵਿੱਚ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਅਤੇ 41,977 ਵੋਟਾਂ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਸਨ। ਇਸ ਤੋਂ ਬਾਅਦ 2012 ਵਿੱਚ ਉਨ੍ਹਾਂ 64,250 ਵੋਟਾਂ ਲੈ ਕੇ ਵੱਡੀ ਜਿੱਤ ਦਰਜ ਕੀਤੀ। ਸਾਲ 2017 ਦੀਆਂ ਚੋਣਾਂ ਵਿੱਚ ਵੀ ਉਹ 59,107 ਵੋਟਾਂ ਨਾਲ ਦੂਜੀ ਵਾਰ ਵਿਧਾਇਕ ਬਣੇ। ਹਾਲਾਂਕਿ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਕੰਬੋਜ ਕਾਂਗਰਸ ਦੇ ਵਿਧਾਨ ਸਭਾ ਚੋਣ ਮੈਨੀਫੈਸਟੋ ਕਮੇਟੀ ਦੇ ਕੋ-ਕਨਵੀਨਰ ਵੀ ਰਹਿ ਚੁੱਕੇ ਹਨ। -ਬਾਕਸ- -ਸ਼ਾਹੀ ਪਰਿਵਾਰ ਨਾਲ ਰਹੀ ਨੇੜਤਾ ਕੰਬੋਜ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਨਾਲ ਨੇੜਤਾ ਰਹੀ। ਉਹ ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ, ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਅਤੇ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਵਰਗੇ ਅਹੁਦਿਆਂ ’ਤੇ ਵੀ ਰਹੇ। ਹੁਣ 2027 ਦੀਆਂ ਚੋਣਾਂ ਵਿੱਚ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਹੈ ਤਾਂ ਰਾਜਪੁਰਾ ਵਿੱਚ ਮੁਕਾਬਲਾ ਹੋਰ ਦਿਲਚਸਪ ਹੋ ਸਕਦਾ ਹੈ। ਕੰਬੋਜ ਨੂੰ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਦੀ ਸੂਰਤ ਵਿੱਚ ਅਕਾਲੀ ਦਲ ਦੇ ਸਥਾਨਕ ਆਗੂਆਂ ਅਤੇ ਭਾਜਪਾ ਦੇ ਨਾਰਾਜ਼ ਆਗੂਆਂ ਨਾਲ ਤਾਲਮੇਲ ਬਣਾਉਣਾ ਉਨ੍ਹਾਂ ਲਈ ਅਹਿਮ ਚੁਣੌਤੀ ਹੋਵੇਗੀ। ਦੂਜੇ ਪਾਸੇ ਕਾਂਗਰਸ ਛੱਡ ਕੇ ਉਨ੍ਹਾਂ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਦੀ ਨਵੀਂ ਪਾਰਟੀ ਵਿੱਚ ਭੂਮਿਕਾ ਵੀ ਦੇਖਣ ਵਾਲੀ ਹੋਵੇਗੀ। ਫਿਲਹਾਲ ਕੰਬੋਜ ਦੀ ਭਾਜਪਾ ਵਿੱਚ ਸ਼ਮੂਲੀਅਤ ਨੇ ਰਾਜਪੁਰਾ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ 2027 ਦੀ ਚੋਣ ਲਈ ਸਿਆਸੀ ਦੰਗਲ ਦੇ ਸਮੀਕਰਨ ਬਦਲ ਦਿੱਤੇ ਹਨ।