- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾ ਖੋਹੀਆਂ ਫਾਇਲਾਂ ਤੇ ਨਾ ਹੀ ਫਟੇ ਕਾਗਜ਼, ਸ਼ਾਂਤ ਮਾਹੌਲ ’ਚ ਨਾਮਜਦਗੀਆਂ

-ਨਿਗਮ ਜ਼ਿਮਨੀ ਚੋਣਾਂ: ਕੁੱਲ 201 ਉਮੀਦਵਾਰਾਂ ਨੇ ਦਾਖ਼ਲ ਕੀਤੇ ਕਾਗ਼ਜ਼
-ਨਿਗਮ ਵੱਲੋਂ 351 ਐੱਨਓਸੀ ਅਰਜ਼ੀਆਂ ਪ੍ਰਾਪਤ, 328 ਪੱਤਰ ਸੌਂਪੇ
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਿਗਮ ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਸ਼ਾਂਤੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਗਈ। ਪਿਛਲੀ ਵਾਰ ਵਾਂਗ ਇਸ ਵਾਰ ਨਾ ਤਾਂ ਕਿਸੇ ਦੀ ਫਾਇਲ ਖੋਹੀ ਗਈ, ਨਾ ਕਾਗ਼ਜ਼ ਫਾੜੇ ਗਏ ਤੇ ਨਾ ਹੀ ਕੋਈ ਝਗੜਾ ਹੋਇਆ ਹੈ। 30 ਵਾਰਡਾਂ ਵਿੱਚ ਹੋਣ ਜਾ ਰਹੀਆਂ ਮੁੜ ਚੋਣਾਂ-2026 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਤਹਿਤ ਵੀਰਵਾਰ 19 ਨਵੰਬਰ ਨੂੰ ਵੱਖ-ਵੱਖ ਵਾਰਡਾਂ ਤੋਂ ਕੁੱਲ 96 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਦੇ ਨਾਲ ਹੀ ਹੁਣ ਤੱਕ ਪ੍ਰਾਪਤ ਹੋਈਆਂ ਕੁੱਲ ਨਾਮਜ਼ਦਗੀਆਂ ਦੀ ਗਿਣਤੀ ਵਧ ਕੇ 201 ਹੋ ਗਈ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਪਟਿਆਲਾ ਦੇ ਜਿਨ੍ਹਾਂ 30 ਵਾਰਡਾਂ ਵਿੱਚ ਇਹ ਮੁੜ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਵਾਰਡ ਨੰਬਰ 1, 4, 6, 12, 14, 15, 16, 22, 26, 28, 32, 33, 34, 36, 37, 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਸ਼ਾਮਲ ਹਨ।
-ਬਾਕਸ-
-ਐੱਨਓਸੀ ਜਾਰੀ ਕਰਨ ਦਾ ਕਾਰਜ ਸਫ਼ਲਤਾਪੂਰਵਕ ਮੁਕੰਮਲ
ਦੂਸਰੇ ਪਾਸੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਚੋਣ ਲੜਨ ਵਾਲੇ 351 ਉਮੀਦਵਾਰਾਂ ਨੂੰ ਐੱਨਓਸੀ ਜਾਰੀ ਕਰਨ ਦਾ ਕਾਰਜ ਬਿਨਾਂ ਕਿਸੇ ਰੁਕਾਵਟ ਅਤੇ ਪੂਰੀ ਪਾਰਦਰਸ਼ਤਾ ਨਾਲ ਸਫ਼ਲਤਾਪੂਰਵਕ ਮੁਕੰਮਲ ਕੀਤਾ ਗਿਆ। ਨਗਰ ਨਿਗਮ ਵੱਲੋਂ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਮੁਤਾਬਕ 13 ਨਵੰਬਰ ਤੋਂ ਅੱਜ 19 ਨਵੰਬਰ ਤੱਕ ਉਮੀਦਵਾਰਾਂ ਵੱਲੋਂ ਐੱਨਓਸੀ ਲੈਣ ਲਈ ਕੁੱਲ 351 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ 13 ਨਵੰਬਰ ਨੂੰ 248, 14 ਨਵੰਬਰ ਨੂੰ 34, 17 ਨਵੰਬਰ ਨੂੰ 53, 18 ਨਵੰਬਰ ਨੂੰ 14 ਅਤੇ ਅੱਜ ਆਖ਼ਰੀ ਦਿਨ 2 ਅਰਜ਼ੀਆਂ ਸ਼ਾਮਲ ਹਨ। ਨਿਗਮ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਾਰੀਆਂ 351 ਅਰਜ਼ੀਆਂ ਦੀ ਜਾਂਚ ਮੁਕੰਮਲ ਕਰਕੇ ਐੱਨ.ਓ.ਸੀ. ਤਿਆਰ ਕਰ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 328 ਉਮੀਦਵਾਰਾਂ ਨੂੰ ਐੱਨ.ਓ.ਸੀ. ਡਿਲੀਵਰ ਕਰ ਦਿੱਤੀਆਂ ਗਈਆਂ ਹਨ, ਜਦਕਿ ਬਾਕੀ 23 ਐੱਨ.ਓ.ਸੀ. ਬਣ ਕੇ ਤਿਆਰ ਪਈਆਂ ਹਨ, ਸਬੰਧਤ ਵਿਅਕਤੀਆਂ ਨੂੰ ਲੈ ਕੇ ਜਾਣ ਲਈ ਸੁਨੇਹਾ ਵੀ ਲਗਾ ਦਿੱਤਾ ਹੈ।
-ਬਾਕਸ-
-ਛੁੱਟੀ ਵਾਲੇ ਦਿਨ ਵੀ ਦਫ਼ਤਰ ਬੈਠ ਕੇ ਨਿਭਾਈ ਡਿਊਟੀ
ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਇਸ ਮਹੱਤਵਪੂਰਨ ਪੜਾਅ ਦੇ ਸਫ਼ਲਤਾਪੂਰਵਕ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ 'ਤੇ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ, ਕਲੈਰੀਕਲ ਸਟਾਫ਼ ਅਤੇ ਫੀਲਡ ਟੀਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਦਫ਼ਤਰ ਬੈਠ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਇਸ ਦੇ ਨਾਲ ਹੀ ਉਨ੍ਹਾਂ ਚੋਣ ਜ਼ਾਬਤੇ ਦੀ ਪਾਲਣਾ ਕਰਨ ਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਲਈ ਸਮੂਹ ਉਮੀਦਵਾਰਾਂ, ਰਾਜਨੀਤਿਕ ਪਾਰਟੀਆਂ ਅਤੇ ਸ਼ਹਿਰ ਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਕਮਿਸ਼ਨਰ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ’ਚ ਵੀ ਚੋਣ ਪ੍ਰਕਿਰਿਆ ਦੇ ਬਾਕੀ ਪੜਾਵਾਂ ਨੂੰ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਿਗਮ ਦੀਆਂ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰਦੀਆਂ ਰਹਿਣਗੀਆਂ, ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।