ਮਿੱਟੀ ਦੇ ਮਹਿਲ ਵਾਂਗ ਢਹਿ-ਢੇਰੀ ਹੋਇਆ ਲੋਹੇ ਦਾ ਪੁਲ ਮਿੱਟੀ ਦੇ ਮਹਿਲ ਵਾਂਗ ਢਹਿ-ਢੇਰੀ ਹੋਇਆ ਲੋਹੇ ਦਾ ਪੁਲ
Publish Date: Thu, 19 Nov 2026 06:26 PM (IST)
Updated Date: Fri, 20 Nov 2026 04:07 AM (IST)
-ਚਾਲਕਾਂ ਨੇ ਛਾਲਾਂ ਮਾਰ ਕੇ ਬਚਾਈ ਜਾਨ, ਪ੍ਰਸ਼ਾਸਨ ਤੇ ਸਬੰਧਤ ਮਹਿਕਮਿਆਂ ਦੀ ਕਾਰਗੁਜ਼ਾਰੀ ’ਤੇ ਉੱਠੇ ਗੰਭੀਰ ਸਵਾਲ 32) ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਸੂਬੇ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਪੋਲ ਉਸ ਵੇਲੇ ਖੁੱਲ੍ਹ ਗਈ, ਜਦੋਂ ਪਟਿਆਲਾ-ਸੰਗਰੂਰ ਰੋਡ ਐੱਨਐੱਚ-64 ਬਾਈਪਾਸ ’ਤੇ ਭਾਖੜਾ ਮੇਨ ਲਾਈਨ ਨਹਿਰ ਉੱਪਰ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਪੁਲ ਮਹਿਜ਼ ਦਸ ਸਾਲਾਂ ਵਿੱਚ ਹੀ ਮਿੱਟੀ ਦੇ ਮਹਿਲ ਵਾਂਗ ਢਹਿ-ਢੇਰੀ ਹੋ ਗਿਆ। ਹੈਰਾਨੀ ਹੈ ਕਿ ਕਰੀਬ 10 ਸਾਲ ਪਹਿਲਾਂ ਬਣਿਆ ਪੁਲ਼ ਦੋ ਟਰੱਕਾਂ ਦਾ ਭਾਰ ਵੀ ਨਾ ਝੱਲ ਸਕਿਆ। ਲੋਹੇ ਦੇ ਵੱਡੇ ਗਰਿੱਲ ਟੁੱਟਣ ਲੱਗੇ ਤੇ ਪੁਲ ’ਤੇ ਬਣੀ ਲੁੱਕ ਦੀ ਸੜਕ ਮੋਮ ਵਾਂਗ ਪਿੰਘਲ ਕੇ ਪਾਣੀ ’ਚ ਵਹਿ ਗਈ। ਭਾਵੇਂ ਚਾਲਕਾਂ ਨੇ ਖਿੜਕੀਆਂ ਰਾਹੀਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਅ ਲਈ, ਪਰ ਇਸ ਹਾਦਸੇ ਨੇ ਪੁਲ ਦੀ ਉਸਾਰੀ ਤੇ ਰੱਖ-ਰਖਾਵ ਕਰਨ ਵਾਲੇ ਮਹਿਕਮਿਆਂ ਦੀ ਲਾਪਰਵਾਹੀ ਨੂੰ ਬੇਨਕਾਬ ਕਰ ਦਿੱਤਾ ਹੈ। -ਬਾਕਸ- -ਹੁਣ ਟਰੱਕਾਂ ਦਾ ਕੱਢਿਆ ਜਾ ਰਿਹਾ ਕਸੂਰ ਇਸ ਵੱਡੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵਲੋਂ ਟਰੱਕਾਂ ਵਾਲਿਆਂ ਨੂੰ ਹੀ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣ ਬਣਦਾ ਹੈ ਕਿ ਸਵੇਰ ਸਮੇਂ ਇਕ ਟਰੱਕ ਪੁੱਲ ਟੱਪਦਿਆਂ ਖਰਾਬ ਹੋ ਗਿਆ ਸੀ ਅਤੇ ਪੁਲ਼ ਟੱਪ ਕੇ ਖੜ ਗਿਆ ਸੀ। ਇਸੇ ਕਰਕੇ ਪਿਛੇ ਆਉਂਦੇ ਦੋ ਟਰੱਕ ਪੁੱਲ ’ਤੇ ਰੁਕੇ ਤੇ ਪੁੱਲ ਧਸ ਗਿਆ। ਅਧਿਕਾਰੀਆਂ ਨੇ ਖਰਾਬ ਹੋਏ ਟਰੱਕ ਵਿਚ ਲੋੜ ਤੋਂ ਵੱਧ ਭਾਰ ਹੋਣ ਤੇ ਇਸਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਦੂਸਰੇ ਪਾਸੇ ਟਰੱਕ ਮਾਲਕਾਂ ਨੇ ਮਹਿਕਮੇ ’ਤੇ ਆਪਣੀ ਲਾਪ੍ਰਵਾਹੀ ਮੰਨਣ ਦੀ ਬਜਾਏ ਟਰੱਕਾਂ ਦਾ ਕਸੂਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਐੱਨਐੱਚਏਆਈ ਦੇ ਮੁਰੰਮਤ ਵਿੰਗ ਦੇ ਇਕ ਅਧਿਕਾਰੀ ਨੇ ਮੌਕੇ ‘ਤੇ ਪੁੱਜੇ ਅਤੇ ਟਰੱਕ ’ਚੋਂ ਰੇਤਾ ਨਾ ਕੱਢਣ ਤੋਂ ਰੋਕ ਦਿੱਤਾ। ਅਧਿਕਾਰੀ ਨੇ ਕਿਹਾ ਕਿ ਟਰੱਕ ਓਵਰਲੋਡ ਹੈ, ਇਸਦੀ ਜਾਂਚ ਹੋਵੇਗੀ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲ਼ ਟੁੱਟਣ ਦੀ ਜਾਂਚ ਦਿੱਲੀ ਦੀ ਟੀਮ ਵੱਲੋਂ ਕੀਤੀ ਜਾਵੇਗੀ। ਪੁੱਲ ਦੀ ਚੈਕਿੰਗ ਸਬੰਧੀ ਪੁੱਛੇ ਸਵਾਲ ’ਤੇ ਅਧਿਕਾਰੀ ਨੇ ਕਿਹਾ ਕਿ ਹਾਦਸਾ ਵਾਪਰ ਗਿਆ, ਇਹ ਕਿਸੇ ਦੇ ਹੱਥ ਨਹੀਂ ਹੈ। -ਬਾਕਸ- -ਚਿਤਾਵਨੀਆਂ ਦੇ ਬਾਵਜੂਦ ਕੁੰਭਕਰਨੀ ਨੀਂਦ ਸੁੱਤਾ ਰਿਹਾ ਪ੍ਰਸ਼ਾਸਨ ਇਲਾਕੇ ਦੇ ਲੋਕਾਂ ਵਿੱਚ ਇਸ ਹਾਦਸੇ ਨੂੰ ਲੈ ਕੇ ਭਾਰੀ ਰੋਸ ਹੈ। ਆਲੇ-ਦੁਆਲੇ ਦੇ ਪਿੰਡਾਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲ ਦੀ ਖ਼ਸਤਾ ਹਾਲਤ ਅਤੇ ਇਸ ਦੇ ਡਿੱਗਣ ਦਾ ਖਦਸ਼ਾ ਪਹਿਲਾਂ ਹੀ ਜਤਾਇਆ ਜਾ ਰਿਹਾ ਸੀ, ਪਰ ਪ੍ਰਸ਼ਾਸਨ ਤੇ ਸਬੰਧਤ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜੇਕਰ ਸਮਾਂ ਰਹਿੰਦੇ ਪੁਲ ਦੀ ਤਕਨੀਕੀ ਜਾਂਚ ਕਰਕੇ ਲੁੜੀਂਦੀ ਮੁਰੰਮਤ ਕੀਤੀ ਜਾਂਦੀ, ਤਾਂ ਸ਼ਾਇਦ ਅੱਜ ਇਹ ਵੱਡਾ ਹਾਦਸਾ ਟਲ ਸਕਦਾ ਸੀ। -ਬਾਕਸ- -50-100 ਸਾਲ ਦੀ ਮਿਆਦ ਵਾਲਾ ਪੁਲ ਦਸ ਸਾਲਾਂ ’ਚ ਹੀ ਕਿਵੇਂ ਟੁੱਟਿਆ ਤਕਨੀਕੀ ਮਾਹਿਰਾਂ ਅਨੁਸਾਰ ਅਜਿਹੇ ਸਟੀਲ ਪੁਲਾਂ ਦੀ ਉਮਰ ਆਮ ਤੌਰ ’ਤੇ 50 ਤੋਂ 100 ਸਾਲ ਹੁੰਦੀ ਹੈ। ਸਾਲ 2016 ਵਿੱਚ ਪੀਡਬਲਯੂਡੀ ਪੰਜਾਬ ਦੀ ਨਿਗਰਾਨੀ ਹੇਠ ਬੀਆਰਓ ਵੱਲੋਂ ਬਣਾਇਆ ਇਹ ਪੁਲ 2018 ’ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੂੰ ਸੌਂਪਿਆ ਗਿਆ ਸੀ। ਮੌਜੂਦਾ ਸਮੇਂ ਵਿੱਚ ਇਹ ਸੈਕਸ਼ਨ ਐੱਨਐੱਚਏਆਈ ਦੇ ਥੋੜ੍ਹੇ ਸਮੇਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ਅਧੀਨ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਪੁਲ ਦੀ ਉਸਾਰੀ ਵੇਲੇ ਘਟੀਆ ਸਮੱਗਰੀ ਵਰਤੀ ਗਈ ਸੀ ਜਾਂ ਫਿਰ ਰੱਖ-ਰਖਾਅ ਕਰਨ ਵਾਲੀਆਂ ਏਜੰਸੀਆਂ ਨੇ ਸਿਰਫ਼ ਕਾਗਜ਼ੀ ਕਾਰਵਾਈ ਹੀ ਪੂਰੀ ਕੀਤੀ। -ਬਾਕਸ- -ਹੁਣ ਜਾਂਚ ਕਮੇਟੀਆਂ ਤੇ ਡੰਗ-ਟਪਾਊ ਪ੍ਰਬੰਧਾਂ ਦੀ ਕਵਾਇਦ ਹਾਦਸੇ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਐੱਨਐੱਚਏਆਈ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਐੱਨਐੱਚਏਆਈ ਨੇ ਵੀ ਮਾਹਿਰ ਕਮੇਟੀ ਬਣਾ ਕੇ ਅਗਲੇ 3-4 ਦਿਨਾਂ ’ਚ ਅੰਮ੍ਰਿਤਸਰ ਦੇ ਵੱਲ੍ਹਾ ਲਈ ਰੱਖੇ 60 ਮੀਟਰ ਸਪੈਨ ਵਾਲੇ ਬੇਲੀ ਬ੍ਰਿਜ ਰਾਹੀਂ ਆਵਾਜਾਈ ਬਹਾਲ ਕਰਨ ਦੀ ਗੱਲ ਕਹੀ ਹੈ। ਪਰ ਆਮ ਲੋਕਾਂ ਦਾ ਸਵਾਲ ਹੈ ਕਿ ਕੀ ਜਾਂਚ ਕਮੇਟੀਆਂ ਦੀ ਰਿਪੋਰਟ ਸਿਰਫ਼ ਫਾਈਲਾਂ ਤੱਕ ਸੀਮਤ ਰਹੇਗੀ ਜਾਂ ਫਿਰ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਵੀ ਹੋਵੇਗੀ। -ਬਾਕਸ- -ਪਹਿਲਾਂ ਵੀ ਟੁੱਟ ਚੁੱਕਿਆ ਹੈ ਇਕ ਪੁੱਲ ਸਮਾਣਾ ਨੇੜੇ ਪਿੰਡ ਜੋੜੇਮਾਜਰਾ ਕੋਲ ਬੀਤੇ ਸਾਲ ਭਾਖੜਾ ਨਹਿਰ ਤੇ ਬਣਿਆ ਪੁੱਲ ਅੱਧੀ ਰਾਤ ਨੂੰ ਟੁੱਟ ਗਿਆ ਸੀ। ਇਹ ਪੁਲ ਸਮਾਣਾ-ਪਾਤੜਾਂ ਜਾਂ ਸਮਾਣਾ-ਚੀਕਾ/ਕੈਥਲ ਮੁੱਖ ਮਾਰਗ ਤੇ ਸਥਿਤ ਸੀ ਅਤੇ ਇਲਾਕੇ ਦੀ ਆਵਾਜਾਈ ਲਈ ਬੇਹੱਦ ਅਹਿਮ ਸੀ। ਇਹ ਪੁਲ ਕਾਫ਼ੀ ਪੁਰਾਣਾ ਹੋ ਚੁੱਕਾ ਸੀ ਤੇ ਭਾਰੀ ਵਾਹਨਾਂ ਦਾ ਬੋਝ ਝੱਲਣ ਦੇ ਸਮਰੱਥ ਨਹੀਂ ਰਿਹਾ ਸੀ। ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਪਹਿਲਾਂ ਵੀ ਇਸ ਪੁਲ ਨੂੰ ਭਾਰੀ ਵਾਹਨਾਂ ਲਈ ਅਸੁਰੱਖਿਅਤ ਐਲਾਨਦਿਆਂ ਚੇਤਾਵਨੀ ਬੋਰਡ ਲਾਏ ਸਨ। ਓਵਰਲੋਡਿਡ ਟਿੱਪਰਾਂ ਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਪੁਲ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ ਸੀ। ਉਸ ਸਮੇਂ ਲੋਕਾਂ ਵਲੋਂ ਹੋਰ ਪੁਲਾਂ ਦੀ ਮੁਰੰਮਤ ਦੀ ਮੰਗ ਵੀ ਕੀਤੀ ਸੀ।