ਆਰਟੀਏ ਦਫ਼ਤਰ ਪੁੱਜੇ ਰਵਨੀਤ ਸਿੰਘ ਬਿੱਟੂ, ਕੰਮਕਾਜ ’ਤੇ ਚੁੱਕੇ ਸਵਾਲ ਆਰਟੀਏ ਦਫ਼ਤਰ ਪਹੁੰਚੇ ਸਾਬਕਾ ਕੇਂਦਰੀ ਮੰਤਰੀ, ਕੰਮਕਾਜ 'ਤੇ ਚੁੱਕੇ ਸਵਾਲ
Publish Date: Tue, 10 Nov 2026 07:07 PM (IST)
Updated Date: Tue, 10 Nov 2026 07:09 PM (IST)
ਸਾਬਕਾ ਕੇਂਦਰੀ ਮੰਤਰੀ ਤੇ ਆਰਟੀਏ ਹੋਏ ਆਹਮੋ-ਸਾਹਮਣੇ ਆਰਟੀਏ ਪੂਨਮਪ੍ਰੀਤ ਕੌਰ ਨੇ ਕਿਹਾ, ਕੋਈ ਕੰਮ ਪੈਂਡਿੰਗ ਨਹੀਂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਬੱਸਾਂ ਦੇ ਟਾਈਮ ਟੇਬਲ ਵਿਚ ਬਦਲਾਅ ਤੇ ਦਫ਼ਤਰੀ ਕੰਮਕਾਜ ਨੂੰ ਲੈ ਕੇ ਮੰਗਲਵਾਰ ਨੂੰ ਪਟਿਆਲਾ ਦੇ ਮਿੰਨੀ ਸਕੱਤਰੇਤ ਸਥਿਤ ਆਰਟੀਏ ਦਫ਼ਤਰ ਵਿਚ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਤੇ ਆਰਟੀਏ ਪੂਨਮਪ੍ਰੀਤ ਕੌਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚਾਲੇ ਕਾਫ਼ੀ ਦੇਰ ਤੱਕ ਤਿੱਖੀ ਬਹਿਸ ਹੋਈ। ਇਸ ਦੌਰਾਨ ਰਵਨੀਤ ਬਿੱਟੂ ਆਰਟੀਏ ਦਫ਼ਤਰ ਦੀ ਕਾਰਜ ਪ੍ਰਣਾਲੀ ਅਤੇ ਮੁਲਾਜ਼ਮਾਂ ਦੇ ਕੰਮਕਾਜ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆਏ। ਹਾਲਾਂਕਿ ਆਰਟੀਏ ਪੂਨਮਪ੍ਰੀਤ ਵੀ ਮੰਤਰੀ ਦੇ ਸਵਾਲਾਂ ਦੇ ਜਵਾਬ ਦਿੰਦੀ ਰਹੀ। ਜਾਣਕਾਰੀ ਅਨੁਸਾਰ, ਰਵਨੀਤ ਬਿੱਟੂ ਮੰਗਲਵਾਰ ਨੂੰ ਇਕ ਟਰਾਂਸਪੋਰਟਰ ਦੇ ਨਾਲ ਮਿੰਨੀ ਸਕੱਤਰੇਤ ਸਥਿਤ ਆਰਟੀਏ ਦਫ਼ਤਰ ਪੁੱਜੇ ਸਨ। ਟਰਾਂਸਪੋਰਟਰਾਂ ਦਾ ਦੋਸ਼ ਸੀ ਕਿ ਆਰਟੀਏ ਵੱਲੋਂ ਉਨ੍ਹਾਂ ਦੀਆਂ ਬੱਸਾਂ ਦੇ ਟਾਈਮ ਟੇਬਲ ਵਿਚ ਬਦਲਾਅ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਵਿੱਤੀ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਇਸੇ ਮੁੱਦੇ ਨੂੰ ਲੈ ਕੇ ਬਿੱਟੂ ਨੇ ਆਰਟੀਏ ਤੋਂ ਜਵਾਬ ਮੰਗਿਆ ਅਤੇ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਆਰਟੀਏ ਪੂਨਮਪ੍ਰੀਤ ਕੌਰ ਨੇ ਵੀ ਆਪਣਾ ਪੱਖ ਰੱਖਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਦਫ਼ਤਰ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਬਕਾਇਆ ਨਹੀਂ ਹੈ ਅਤੇ ਦਫ਼ਤਰੀ ਕੰਮਕਾਜ ਵਿਚ ਜਾਣਬੁੱਝ ਕੇ ਦੇਰੀ ਨਹੀਂ ਕੀਤੀ ਜਾਂਦੀ। ਦੋਵਾਂ ਵਿਚਕਾਰ ਇਸ ਮੁੱਦੇ ’ਤੇ ਕਾਫ਼ੀ ਦੇਰ ਤੱਕ ਬਹਿਸ ਹੁੰਦੀ ਰਹੀ। ਇਸੇ ਦੌਰਾਨ ਪਟਿਆਲਾ ਦੇ ਕੁਝ ਹੋਰ ਟਰਾਂਸਪੋਰਟਰ ਵੀ ਦਫ਼ਤਰ ਪਹੁੰਚ ਗਏ। ਉਨ੍ਹਾਂ ਨੇ ਵੀ ਮੁਲਾਜ਼ਮਾਂ ’ਤੇ ਸਮੇਂ ਸਿਰ ਕੰਮ ਨਾ ਕਰਨ ਦੇ ਦੋਸ਼ ਲਾਏ। ਇਸ ’ਤੇ ਰਵਨੀਤ ਬਿੱਟੂ ਨੇ ਦਫ਼ਤਰ ਦੇ ਕਲਰਕਾਂ ਤੋਂ ਜਵਾਬ-ਤਲਬੀ ਕੀਤੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਤੈਅ ਸਮੇਂ ਅੰਦਰ ਨਿਪਟਾਉਣ ਦੀ ਸਲਾਹ ਦਿੱਤੀ। ਕਰੀਬ ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿਚ ਰਵਨੀਤ ਬਿੱਟੂ ਨੇ ਆਰਟੀਏ ਨੂੰ ਸਲਾਹ ਦਿੱਤੀ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਮੁਸ਼ਕਲਾਂ ਦਾ ਸਮਾਂ ਰਹਿੰਦੇ ਹੱਲ ਕਰਨ ਦੇ ਨਾਲ-ਨਾਲ ਆਪਣੇ ਸਟਾਫ ਨੂੰ ਵੀ ਸਮਝਾਉਣ ਕਿ ਉਹ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ।