- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕਾ ਨੀਨਾ ਮਿੱਤਲ ਵੱਲੋਂ ਸਰਕਾਰੀ ਸਕੂਲ ਵਿਖੇ ਸਾਇੰਸ ਲੈਬ ਦਾ ਉਦਘਾਟਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕੂਲ ਸਿੱਖਿਆ ਕ੍ਰਾਂਤੀ ਤਹਿਤ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਧਾਇਕਾ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਵੀਂ ਉਸਾਰੀ ਸਾਇੰਸ ਲੈਬ ਨੂੰ ਲੋਕ ਅਰਪਣ ਕੀਤਾ। ਇਸ ਦੇ ਨਾਲ ਹੀ ਸਕੂਲ ਦੇ ਗੇਟ ਤੇ ਨਵੇਂ ਉਸਾਰੀ ਸਕਿਓਰਿਟੀ ਗਾਰਡ ਰੂਮ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਰਿਤੇਸ਼ ਬਾਂਸਲ, ਮੈਂਬਰ ਸਟੇਟ ਫੀਸ ਰੈਗੂਲੇਟਰੀ ਬਾਡੀ ਤੇ ਜ਼ਿਲ੍ਹਾ ਸਿੱਖਿਆ ਇੰਚਾਰਜ ਪਟਿਆਲਾ ਵਿਜੇ ਮੈਨਰੋ, ਸਕੂਲ ਦੇ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਵਿਧਾਇਕਾ ਮਿੱਤਲ ਵੱਲੋਂ ਸਮਾਰਟ ਸਾਇੰਸ ਲੈਬ ’ਚ ਸਥਾਪਿਤ ਇੰਟਰਐਕਟਿਵ ਫਲੈਟ ਪੈਨਲ ਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਵਰਕਿੰਗ ਮਾਡਲਾਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਵਿਜੇ ਮੈਨਰੋ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿਚ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਿਆ ਹੈ ਜਿਸ ਦੀ ਝਲਕ ਸਾਨੂੰ ਸਪੱਸ਼ਟ ਦਿਖਾਈ ਦੇ ਰਹੀ ਹੈ। ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਯੰਗ ਟੀਚਰ ਸਟੇਟ ਐਵਾਰਡੀ ਅਧਿਆਪਕਾ ਰਾਜਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਐੱਨ.ਐੱਮ.ਐੱਮ.ਐੱਸ. ਪ੍ਰੀਖਿਆ ਪਾਸ ਕਰਨ ਵਾਲੀ ਜਮਾਤ ਨੌਵੀਂ ਦੀ ਹੋਣਹਾਰ ਵਿਦਿਆਰਥਣ ਦੀਪਤੀ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਧਾਇਕਾ ਨੀਨਾ ਮਿੱਤਲ ਵੱਲੋਂ 150 ਦੇ ਕਰੀਬ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀਵ ਕੁਮਾਰ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਢਕਾਂਨਸੂ ਕਲਾਂ, ਸਚਿਨ ਮਿੱਤਲ ਬਲਾਕ ਕੋਆਰਡੀਨੇਟਰ, ਜਾਗਰ ਸਿੰਘ, ਧਨਵੰਤ ਸਿੰਘ, ਵਿਜੇ ਗੋਸਵਾਮੀ, ਸ਼ਸ਼ਾਂਕ, ਅਸ਼ਵਨੀ, ਨਰੇਸ਼ ਧਮੀਜਾ, ਅਤੇ ਐੱਸ.ਐੱਮ.ਸੀ. ਚੇਅਰਪਰਸਨ ਸਮੇਤ ਹੋਰ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੀਨੀਅਰ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਬਾਖੂਬੀ ਨਿਭਾਈ ਅਤੇ ਅੰਤ ਵਿੱਚ ਉਨ੍ਹਾਂ ਵੱਲੋਂ ਸਮੂਹ ਮਹਿਮਾਨਾਂ, ਸਹਿਯੋਗੀਆਂ, ਐੱਸ.ਐੱਮ.ਸੀ. ਮੈਂਬਰਾਂ, ਸਕੂਲ ਸਟਾਫ਼, ਮੀਡੀਆ ਅਤੇ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।