ਪਿਤਾ ਦੀ ਯਾਦ ’ਚ ਅੱਖਾਂ ਹੋਈਆਂ ਨਮ, ਮਾਂ ਦੇ ਚਰਨ ਛੂਹ ਲਈ ਅਸੀਸ ਪਿਤਾ ਦੀ ਯਾਦ 'ਚ ਅੱਖਾਂ ਹੋਈਆਂ ਨਮ, ਮਾਂ ਦੇ ਚਰਨ ਛੂਹ ਲਿਆ ਅਸੀਸ
Publish Date: Sat, 31 Oct 2026 04:58 PM (IST)
Updated Date: Sat, 31 Oct 2026 04:59 PM (IST)
‘ਆਪ’ ਵੱਲੋਂ ਦੂਜੀ ਵਾਰ ਟਿਕਟ ਮਿਲਣ ’ਤੇ ਭਾਵੁਕ ਹੋਏ ਅਜੀਤਪਾਲ ਕੋਹਲੀ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਆਮ ਆਦਮੀ ਪਾਰਟੀ ਵੱਲੋਂ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਖ਼ਬਰ ਮਿਲਦਿਆਂ ਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਿੱਥੇ ਖ਼ੁਸ਼ੀ ਨਾਲ ਭਰ ਗਏ, ਉੱਥੇ ਹੀ ਆਪਣੇ ਸਵਰਗੀ ਪਿਤਾ ਸੁਰਜੀਤ ਸਿੰਘ ਕੋਹਲੀ ਨੂੰ ਚੇਤੇ ਕਰਕੇ ਭਾਵੁਕ ਹੋ ਗਏ। ਆਪਣੀ ਇਸ ਕਾਮਯਾਬੀ ਦਾ ਸਿਹਰਾ ਪਿਤਾ ਦੀ ਦਿੱਤੀ ਸਿੱਖਿਆ ਅਤੇ ਅਸ਼ੀਰਵਾਦ ਨੂੰ ਦਿੰਦਿਆਂ ਉਹ ਗੁਰੂ ਘਰ ਸ਼ੁਕਰਾਨਾ ਕਰਨ ਪੁੱਜੇ ਅਤੇ ਫਿਰ ਘਰ ਪਰਤ ਕੇ ਆਪਣੀ ਪੂਜਨੀਕ ਮਾਤਾ ਰਣਜੀਤ ਕੌਰ ਕੋਹਲੀ ਦੇ ਚਰਨ ਛੂਹ ਕੇ ਅਸੀਸ ਹਾਸਲ ਕੀਤੀ। ਮਾਂ ਦੀ ਗੋਦ ਵਿੱਚ ਬੈਠ ਕੇ ਇਸ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਮੌਕੇ ਕੋਹਲੀ ਨੇ ਕਿਹਾ ਕਿ ਪਿਤਾ ਜੀ ਦੀ ਘਾਟ ਹਮੇਸ਼ਾ ਰੜਕਦੀ ਹੈ, ਪਰ ਉਨ੍ਹਾਂ ਦੇ ਦਿਖਾਏ ਸੇਵਾ ਦੇ ਮਾਰਗ ਅਤੇ ਮਾਤਾ ਜੀ ਦੇ ਅਸ਼ੀਰਵਾਦ ਸਦਕਾ ਹੀ ਅੱਜ ਉਹ ਲੋਕਾਂ ਦੀ ਸੇਵਾ ਕਰਨ ਦੇ ਯੋਗ ਬਣੇ ਹਨ। ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਉਨ੍ਹਾਂ ਪਟਿਆਲਾ ਦੇ ਲੋਕਾਂ ਅਤੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਆਪਣੇ ਪਰਿਵਾਰ ਦੇ ਸੰਸਕਾਰਾਂ ’ਤੇ ਪਹਿਰਾ ਦਿੰਦੇ ਹੋਏ ਉਹ ਪਟਿਆਲਾ ਵਾਸੀਆਂ ਦੇ ਹੱਕਾਂ ਅਤੇ ਵਿਕਾਸ ਲਈ ਪਹਿਲਾਂ ਨਾਲੋਂ ਵੀ ਵੱਧ ਤਨਦੇਹੀ ਨਾਲ ਕੰਮ ਕਰਨਗੇ। ਵਿਧਾਇਕ ਕੋਹਲੀ ਦਾ ਪਰਿਵਾਰਕ ਪਿਛੋਕੜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਫਰਕ ਨਾਲ ਹਰਾ ਕੇ ਸਿਆਸੀ ਹਲਕਿਆਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉਹਨਾਂ ਦੇ ਦਾਦਾ ਜਥੇਦਾਰ ਸਰਦਾਰਾ ਸਿੰਘ ਕੋਹਲੀ, ਜੋ ਪੰਜਾਬ ਵਿੱਚ ਇੱਕ ਪ੍ਰਮੁੱਖ ਸੀਨੀਅਰ ਟਕਸਾਲੀ-ਅਕਾਲੀ ਆਗੂ ਸਨ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਕੋਹਲੀ 2021 ’ਚ ਸ਼੍ਰੋਮਣੀ ਅਕਾਲੀ ਦਲ ਵਿੱਚ ਇਸੇ ਅਹੁਦੇ ’ਤੇ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦੇ ਦਾਦਾ ਅਤੇ ਪਿਤਾ ਦੋਵਾਂ ਨੇ ਪਹਿਲਾਂ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਵਜੋਂ ਵੀ ਸੇਵਾ ਨਿਭਾਈ ਸੀ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਸੱਤ ਦਹਾਕਿਆਂ ਲੰਮਾ ਸਬੰਧ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦੇ ਕੰਮਕਾਜ ਵਿਰੁੱਧ ਇਖ਼ਲਾਕੀ ਨਾਰਾਜ਼ਗੀ ਅਤੇ ਵਿਰੋਧ ਪ੍ਰਗਟ ਕਰਦਿਆਂ ਇਸ ਨੂੰ ਛੱਡ ਦਿੱਤਾ। ਇਸ ਤੋਂ ਇਲਾਵਾ, ਉਹਨਾਂ ਦੇ ਪਿਤਾ ਨੇ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦਾ ਵਿਰੋਧ ਕਰਦਿਆਂ ਗੁਰਚਰਨ ਸਿੰਘ ਟੌਹੜਾ ਦੇ ਹੱਕ ਵਿੱਚ ਖੜ੍ਹਦਿਆਂ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਰਾਜਨੀਤੀ ਦੀ ਪੜ੍ਹਾਈ ਤੋਂ ਸਿਆਸਤ ਤੱਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੀ ਸਕੂਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ (ਵਾਈ.ਪੀ.ਐੱਸ.) ਪਟਿਆਲਾ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਸੈਂਟ ਸਟੀਫਨਜ਼ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ’ਚ ਐੱਮ.ਏ. ਕੀਤੀ। ਅਜੀਤਪਾਲ ਸਿੰਘ ਕੋਹਲੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਗਏ ਸਨ। ਉਹ ਪੰਜਾਬ ਵਿਧਾਨ ਸਭਾ ਵਿੱਚ ਪਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਇਸ ਚੋਣ ਵਿੱਚ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਗਭਗ 20,000 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਉਹ 2007 ਤੋਂ 2012 ਤੱਕ ਪਟਿਆਲਾ ਨਗਰ ਨਿਗਮ ਦੇ ਮੇਅਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਮਹਿਜ਼ 28 ਸਾਲ ਦੀ ਉਮਰ ਵਿੱਚ ਮੇਅਰ ਬਣ ਕੇ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਮੇਅਰਾਂ ਵਿੱਚ ਸ਼ੁਮਾਰ ਹੋਣ ਦਾ ਮਾਣ ਹਾਸਲ ਕੀਤਾ ਸੀ। ਸਮਰਥਕਾਂ ’ਚ ਭਾਰੀ ਉਤਸ਼ਾਹ ਟਿਕਟ ਦਾ ਐਲਾਨ ਹੁੰਦਿਆਂ ਹੀ ਪਟਿਆਲਾ ਸ਼ਹਿਰੀ ਹਲਕੇ ਦੇ ਕੌਂਸਲਰਾਂ, ਪਾਰਟੀ ਵਰਕਰਾਂ ਅਤੇ ਵਿਧਾਇਕ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਦੌੜ ਗਈ। ਸਨੌਰੀ ਅੱਡਾ ਸਥਿਤ ਵਿਧਾਇਕ ਦੇ ਦਫ਼ਤਰ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਵਰਕਰਾਂ ਨੇ ਢੋਲ ਦੇ ਡਗੇ ’ਤੇ ਭੰਗੜੇ ਪਾਏ, ਆਤਿਸ਼ਬਾਜ਼ੀ ਕੀਤੀ ਅਤੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਕੌਂਸਲਰਾਂ ਅਤੇ ਸਥਾਨਕ ਆਗੂਆਂ ਨੇ ਪਾਰਟੀ ਸੁਪਰੀਮੋ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੀਤਪਾਲ ਕੋਹਲੀ ਨੇ ਹਮੇਸ਼ਾ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਮਸਲੇ ਹੱਲ ਕੀਤੇ ਹਨ। ਸਮਰਥਕਾਂ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਵੀ ਪਟਿਆਲਾ ਸ਼ਹਿਰੀ ਦੇ ਵੋਟਰ ਵਿਧਾਇਕ ਕੋਹਲੀ ਨੂੰ ਪਹਿਲਾਂ ਨਾਲੋਂ ਵੱਡੀ ਲੀਡ ਦਿਵਾ ਕੇ ਜੇਤੂ ਬਣਾਉਣਗੇ।