ਮਿਲਾਵਟਖੋਰਾਂ ’ਤੇ ਸ਼ਿਕੰਜਾ : ਦੋ ਫਰਮਾਂ ਦੇ ਲਾਇਸੈਂਸ ਮੁਅੱਤਲ, 21 ਨੂੰ ਨੋਟਿਸ ਜਾਰੀ ਮਿਲਾਵਟਖੋਰਾਂ ’ਤੇ ਸ਼ਿਕੰਜਾ: ਦੋ ਫਰਮਾਂ ਦੇ ਲਾਇਸੈਂਸ ਮੁਅੱਤਲ, 21 ਨੂੰ ਨੋਟਿਸ ਜਾਰੀ
Publish Date: Sat, 31 Oct 2026 04:44 PM (IST)
Updated Date: Sat, 31 Oct 2026 04:47 PM (IST)
ਦੋ ਮਹੀਨੇ ’ਚ 667 ਕਿੱਲੋ ਪਨੀਰ ਤੇ 5 ਕੁਇੰਟਲ ਘਿਓ ਜ਼ਬਤ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਸਖ਼ਤ ਕਾਰਵਾਈ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਜ਼ਿਲ੍ਹਾ ਖੁਰਾਕ ਸੁਰੱਖਿਆ ਵਿਭਾਗ ਨੇ ਮਿਲਾਵਟਖੋਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਵਿਭਾਗ ਨੇ ਜ਼ਿਲ੍ਹੇ ਭਰ ਵਿੱਚ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿੱਚ ਗੈਰ-ਮਿਆਰੀ ਪਨੀਰ, ਘਿਓ ਅਤੇ ਹੋਰ ਖੁਰਾਕੀ ਵਸਤਾਂ ਜ਼ਬਤ ਕੀਤੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ, ਜਦਕਿ ਕਈਆਂ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਤੰਬਰ ਅਤੇ ਅਕਤੂਬਰ ਦੌਰਾਨ ਵਿਭਾਗੀ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਕੁੱਲ 136 ਖੁਰਾਕੀ ਨਮੂਨੇ ਭਰੇ। ਕਾਰਵਾਈ ਦੌਰਾਨ ਰਾਜਪੁਰਾ ਤੋਂ 547 ਕਿੱਲੋ ਅਤੇ ਪਿੰਡ ਚਤਹਿਰਾ ਤੋਂ 120 ਕਿੱਲੋ ਸ਼ੱਕੀ ਪਨੀਰ ਜ਼ਬਤ ਕੀਤਾ ਗਿਆ। ਇਸੇ ਦੌਰਾਨ ਪਟਿਆਲਾ ਦੀ ਫਰਮ ‘ਰਾਜੇਸ਼ ਟਰੇਡਰਜ਼’ ਤੋਂ 5 ਕੁਇੰਟਲ ਦੇਸੀ ਘਿਓ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਸਿਹਤ ਸਪਲੀਮੈਂਟਾਂ ਨਾਲ ਸਬੰਧਤ 21 ਵੱਖ-ਵੱਖ ਉਤਪਾਦ ਵੀ ਕਬਜ਼ੇ ਵਿੱਚ ਲਏ ਗਏ ਹਨ। ਮਾਪਦੰਡਾਂ ਦੀ ਗੰਭੀਰ ਉਲੰਘਣਾ ਦੇ ਚੱਲਦਿਆਂ ‘ਮਿੱਤਲ ਪਤੀਸਾ’ ਅਤੇ ‘ਵੈਦ ਵਿਦਿਆਸਾਗਰ ਪ੍ਰਾਈਵੇਟ ਲਿਮਟਿਡ’ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਹਨ। ਖਾਮੀਆਂ ਪਾਏ ਜਾਣ ’ਤੇ 21 ਕਾਰੋਬਾਰੀਆਂ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ ਹਨ ਅਤੇ 6 ਚਲਾਨ ਕੱਟੇ ਗਏ ਹਨ। ਡਾ. ਕੌਰ ਨੇ ਸਪੱਸ਼ਟ ਕੀਤਾ ਕਿ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਧੀਕ ਡਿਪਟੀ ਕਮਿਸ਼ਨਰ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀ.ਜੇ.ਐਮ.) ਦੀਆਂ ਅਦਾਲਤਾਂ ਵਿੱਚ ਕਾਨੂੰਨੀ ਕੇਸ ਦਾਇਰ ਕੀਤੇ ਜਾ ਰਹੇ ਹਨ। ਕਾਰਵਾਈ ਦੇ ਨਾਲ-ਨਾਲ ਵਿਭਾਗ ਨੇ ਮਿਠਾਈ ਵਿਕਰੇਤਾਵਾਂ ਅਤੇ ਡੇਅਰੀ ਸੰਚਾਲਕਾਂ ਲਈ ਜਾਗਰੂਕਤਾ ਕੈਂਪ ਵੀ ਲਗਾਏ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਦੂਜੇ ਰਾਜਾਂ ਤੋਂ ਖੋਆ ਜਾਂ ਪਨੀਰ ਮੰਗਵਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਵਪਾਰੀਆਂ ਲਈ ਪੱਕੇ ਬਿੱਲ, ਇਨਵੌਇਸ ਅਤੇ ਸਪਲਾਇਰ ਦਾ ਪੂਰਾ ਰਿਕਾਰਡ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਮਾਲ ਦੇ ਸਰੋਤ ਦੀ ਜਾਂਚ ਹੋ ਸਕੇ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਚਿਤਾਵਨੀ ਦਿੱਤੀ ਕਿ ਤਿਉਹਾਰਾਂ ਦੇ ਮੱਦੇਨਜ਼ਰ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੁਨਾਫ਼ੇ ਖ਼ਾਤਰ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਨਾ ਪਾਉਣ ਅਤੇ ਖਪਤਕਾਰਾਂ ਨੂੰ ਕੇਵਲ ਸ਼ੁੱਧ, ਸਾਫ਼-ਸੁਥਰਾ ਅਤੇ ਗੁਣਵੱਤਾ ਭਰਪੂਰ ਸਾਮਾਨ ਹੀ ਵੇਚਣ।