ਨਾਜਾਇਜ਼ ਇਸ਼ਤਿਹਾਰਬਾਜ਼ੀ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ ਸ਼ੁਰੂ ਨਾਜਾਇਜ਼ ਇਸ਼ਤਿਹਾਰਬਾਜ਼ੀ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ ਸ਼ੁਰੂ
Publish Date: Thu, 29 Oct 2026 06:31 PM (IST)
Updated Date: Thu, 29 Oct 2026 06:34 PM (IST)
ਨਵਦੀਪ ਢੀਂਗਰਾ, •ਪੰਜਾਬੀ ਜਾਗਰਣ•, ਪਟਿਆਲਾ : ਨਗਰ ਨਿਗਮ ਨੇ ਆਖਿਰ ਸ਼ਹਿਰ ਦੀ ਖੂਬਸੂਰਤਰੀ ਨੂੰ ਵਿਗਾੜਣ ਵਾਲੇ ਪੋਸਟਰ ਤੇ ਇਸ਼ਤਿਹਾਰਬਾਜ਼ੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਸ਼ਹਿਰ ਦੇ ਕਈ ਥਾਵਾਂ ਤੋਂ ਸਿਆਸੀ ਲੀਡਰਾਂ ਤੇ ਹੋਰ ਅਦਾਰਿਆਂ ਦੇ ਪੋਸਟਰ ਉਤਾਰ ਦਿੱਤੇ ਗਏ ਹਨ। ਇਸਦੇ ਨਾਲ ਹੀ ਨਿਗਮ ਕਮਿਸ਼ਨਰ ਨੇ ਸ਼ਹਿਰ ਨੂੰ ਵਿਗਾੜਣ ਵਾਲੀ ਇਸ਼ਤਿਹਾਰਬਾਜਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਵੀ ਹੁਕਮ ਦਿੱਤੇ ਹਨ। ਦੱਸਣਾ ਬਣਦਾ ਹੈਕਿ ਪੰਜਾਬੀ ਜਾਗਰਣ ਵਲੋਂ ਸ਼ਾਹੀ ਸ਼ਹਿਰ ਦੀ ਦਿਖ ਨੂੰ ਵਿਗਾੜਣ ਵਾਲਿਆਂ ਬਾਰੇ ਖੁਲਾਸਾ ਕਰਦਿਆਂ ਰਿਪੋਰਟ ਨਸ਼ਰ ਕੀਤੀ ਸੀ। ਜਿਸਤੋਂ ਬਾਅਦ ਨਿਗਮ ਕਾਰਵਾਈ ਆਰੰਭੀ ਹੈ। ਨਗਰ ਨਿਗਮ ਦੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵੱਲੋਂ ਸ਼ਹਿਰ ਦੀ ਖ਼ੂਬਸੂਰਤੀ, ਸਵੱਛਤਾ ਅਤੇ ਆਮ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸਮੂਹ ਵਪਾਰਕ ਅਦਾਰਿਆਂ, ਸੰਸਥਾਵਾਂ ਅਤੇ ਆਮ ਸ਼ਹਿਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਰਕਾਰੀ ਬੋਰਡਾਂ, ਸਾਈਨਬੋਰਡਾਂ ਅਤੇ ਜਨਤਕ ਥਾਵਾਂ ’ਤੇ ਮਨਮਰਜ਼ੀ ਨਾਲ ਕੋਈ ਵੀ ਇਸ਼ਤਿਹਾਰ ਜਾਂ ਪੋਸਟਰ ਨਾ ਚਿਪਕਾਇਆ ਜਾਵੇ। ਕਮਿਸ਼ਨਰ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਸੜਕਾਂ ਅਤੇ ਚੌਕਾਂ ਤੇ ਲੱਗੇ ਸਰਕਾਰੀ ਬੋਰਡਾਂ ’ਤੇ ਪੋਸਟਰ ਲਗਾਉਣ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਬਦਰੰਗ ਹੁੰਦੀ ਹੈ, ਉੱਥੇ ਹੀ ਜ਼ਰੂਰੀ ਦਿਸ਼ਾ-ਨਿਰਦੇਸ਼ ਛਿਪ ਜਾਣ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਬੱਸ ਸਟੈਂਡ, ਸਰਕਾਰੀ ਦਫ਼ਤਰਾਂ, ਰੇਲਵੇ ਸਟੇਸ਼ਨ ਅਤੇ ਸੜਕਾਂ ਕੰਢੇ ਬਣੀਆਂ ਦੀਵਾਰਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਅਣ-ਅਧਿਕਾਰਤ ਪੋਸਟਰ ਜਾਂ ਬੈਨਰ ਲਗਾਉਣ ’ਤੇ ਮੁਕੰਮਲ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਡਿਫ਼ੇਸਮੈਂਟ ਆਫ਼ ਪ੍ਰਾਪਰਟੀ ਐਕਟ ਤਹਿਤ ਸਰਕਾਰੀ ਜਾਂ ਜਨਤਕ ਸੰਪਤੀ ਨੂੰ ਖ਼ਰਾਬ ਕਰਨਾ ਸਿੱਧਾ ਕਾਨੂੰਨੀ ਅਪਰਾਧ ਹੈ। ਜਿਨ੍ਹਾਂ ਵੀ ਅਦਾਰਿਆਂ ਜਾਂ ਵਿਅਕਤੀਆਂ ਨੇ ਆਪਣਾ ਪ੍ਰਚਾਰ ਕਰਨਾ ਹੈ, ਉਹ ਨਗਰ ਨਿਗਮ ਤੋਂ ਨਿਯਮਾਂ ਅਨੁਸਾਰ ਪ੍ਰਵਾਨਗੀ ਲੈ ਕੇ ਅਤੇ ਬਣਦੀ ਸਰਕਾਰੀ ਫ਼ੀਸ ਜਮ੍ਹਾਂ ਕਰਵਾ ਕੇ ਹੀ ਨਿਰਧਾਰਤ ਥਾਵਾਂ ਦੀ ਵਰਤੋਂ ਕਰਨ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਇਸ ਤੋਂ ਇਲਾਵਾ ਦੀਵਾਰਾਂ ’ਤੇ ਜੇਕਰ ਕਿਸੇ ਦਾ ਵੀ ਪੋਸਟਰ ਜਾਂ ਹੋਰ ਇਸ਼ਤਿਹਾਰ ਲੱਗਿਆ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਸਬੰਧਤ ਵਿਅਕਤੀ ਜਾਂ ਸੰਸਥਾ ਤੋਂ ਉਹ ਦੀਵਾਰ ਸਾਫ਼ ਕਰਵਾਉਣ ਦਾ ਖ਼ਰਚਾਂ ਵਸੂਲਣ ਤੋਂ ਇਲਾਵਾ ਮੋਟਾ ਜੁਰਮਾਨਾ ਵੀ ਲਗਾਇਆ ਜਾਵੇਗਾ। ਕਮਿਸ਼ਨਰ ਨੇ ਦੱਸਿਆ ਕਿ ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਭਰ ਵਿੱਚੋਂ ਅਜਿਹੇ ਨਾਜਾਇਜ਼ ਪੋਸਟਰ ਤੇ ਹੋਰਡਿੰਗਜ਼ ਹਟਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਵਿਅਕਤੀ, ਕੋਚਿੰਗ ਸੈਂਟਰ, ਕੰਪਨੀ ਜਾਂ ਪ੍ਰਬੰਧਕ ਸਰਕਾਰੀ ਬੋਰਡਾਂ ਜਾਂ ਕੰਧਾਂ ਤੇ ਪੋਸਟਰ ਚਿਪਕਾਉਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਜੁਰਮਾਨਾ ਲਗਾਇਆ ਜਾਵੇਗਾ ਅਤੇ ਲੋੜ ਪੈਣ ਤੇ ਪਰਚਾ ਵੀ ਦਰਜ ਕਰਵਾਇਆ ਜਾਵੇਗਾ। ਕਮਿਸ਼ਨਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਟਿਆਲਾ ਨੂੰ ਸਵੱਛ ਅਤੇ ਸੁੰਦਰ ਬਣਾਈ ਰੱਖਣ ਲਈ ਨਗਰ ਨਿਗਮ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕੀਤਾ ਜਾਵੇ।