ਨਸ਼ਿਆਂ ਦੀ ਹੋਟ ਸਪੋਟ ਬਣੇ ਦੇਧਨਾ ’ਚ ਚੱਲਿਆ ਪੀਲਾ ਪੰਜਾ ਨਸ਼ਿਆਂ ਦੀ ਹੋਟ ਸਪੋਟ ਬਣੇ ਦੇਧਨਾ ਵਿਖੇ ਚੱਲਿਆ ਪੀਲਾ ਪੰਜਾ
Publish Date: Thu, 22 Oct 2026 07:21 PM (IST)
Updated Date: Thu, 22 Oct 2026 07:24 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਵਿੱਚ ਵੱਡੇ ਪੱਧਰ ਉੱਤੇ ਵਿਕਦੇ ਚਿੱਟੇ ਸਮੇਤ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਕਾਰਨ ਇਲਾਕੇ ਵਿੱਚ ਹੋਟ-ਸਪੋਟ ਬਣਿਆ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਦੇਧਨਾ ਵਿਖੇ ਸ਼ਾਮਲਾਤ ਜ਼ਮੀਨ ਵਿੱਚ ਬਣੇ ਨਸ਼ਾ ਤਸਕਰ ਦੇ ਘਰ ਨੂੰ ਸਿਵਲ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗ ਵੱਲੋਂ ਢਹਿ-ਢੇਰੀ ਕਰ ਦਿੱਤਾ ਗਿਆ। ਪਿੰਡ ਵਿੱਚ ਨਸ਼ਿਆਂ ਦੀ ਸ਼ਰੇਆਮ ਵਿਕਰੀ ਤੋਂ ਦੁਖੀ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਸ਼ਾਮਲਾਤ ਜ਼ਮੀਨ ’ਤੇ ਕਬਜ਼ਾ ਕਰ ਘਰ ਬਣਾ ਕੇ ਰਹਿ ਰਹੇ ਦਰਜਨ ਦੇ ਕਰੀਬ ਵਿਅਕਤੀਆਂ ਵਿਰੁੱਧ ਪਾਏ ਗਏ ਮਤੇ ਮਗਰੋਂ ਪੰਚਾਇਤ ਅਤੇ ਮਾਲ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਡਿਊਟੀ ਮੈਜਿਸਟ੍ਰੇਟ-ਕਮ-ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ ਦੀ ਹਾਜ਼ਰੀ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਪਰਿਵਾਰ ਦੇ ਘਰ ਉੱਤੇ ਪੀਲਾ ਪੰਜਾ ਚੱਲਿਆ। ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਇਸ ਕਾਰਵਾਈ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਨਸ਼ਾ ਵਿਰੋਧੀ ਮੁਹਿੰਮ ਦੇ ਮੈਂਬਰ ਨੌਜਵਾਨ ਹਾਜ਼ਰ ਸਨ। ਤਿੰਨ ਥਾਣਿਆਂ ਦੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਐੱਸਪੀ ਰਾਜੇਸ਼ ਛਿੱਬੜ ਅਤੇ ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਕਰ ਰਹੇ ਸਨ। ਲਗਾਤਾਰ ਤਿੰਨ ਘੰਟੇ ਦੇ ਕਰੀਬ ਚੱਲੀ ਇਸ ਕਬਜ਼ਾ ਕਾਰਵਾਈ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੇਖਣ ਨੂੰ ਮਿਲੀ। ਦੇਧਨਾ ਦੇ ਸਰਪੰਚ ਸੰਦੀਪ ਸਾਂਵਰਾ, ਪੰਚ ਯੂਸਫ਼ ਖਾਨ, ਵਿੱਕੀ, ਗੁਰਪ੍ਰੀਤ ਸਿੰਘ ਗੱਲੂ, ਤਾਰਾ ਸਿੰਘ ਅਤੇ ਮੀਰੀ ਪੀਰੀ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ, ਨੀਟੂ ਸਿੰਘ, ਨਿੱਕਾ ਸਿੰਘ ਆਦਿ ਨੇ ਦੱਸਿਆ ਕਿ ਵੱਡੇ ਪੱਧਰ ਉੱਤੇ ਵਿੱਕ ਰਹੇ ਨਸ਼ਿਆਂ ਕਰ ਕੇ ਪਿੰਡ ਦੂਰ ਤੱਕ ਬਦਨਾਮ ਹੋ ਚੁੱਕਿਆ ਸੀ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਿਆਂ ਵਿਰੁੱਧ ਕਮੇਟੀ ਬਣਾ ਕੇ ਇਸ ਦੇ ਖਾਤਮੇ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ, ਇਸ ਦੇ ਤਹਿਤ ਹੀ ਪੰਚਾਇਤ ਵੱਲੋਂ ਸ਼ਾਮਲਾਤ ਜ਼ਮੀਨ ਉੱਤੇ ਕਬਜ਼ਾ ਕਰ ਕੇ ਰਹਿ ਰਹੇ ਪਰਿਵਾਰਾਂ ਵਿਰੁੱਧ ਮਤਾ ਪਾਸ ਕਰ ਕੇ ਧਾਰਾ ਸੱਤ ਅਧੀਨ ਪੰਚਾਇਤੀ ਜ਼ਮੀਨ ਛੁਡਾਉਣ ਲਈ ਕੇਸ ਡੀਡੀਪੀਓ ਪਟਿਆਲਾ ਰਾਹੀਂ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ। ਨਸ਼ਿਆਂ ਦੇ ਖਾਤਮੇ ਲਈ ਪਿੰਡ ਵਾਸੀ ਇੱਕਜੁੱਟ ਹਨ ਅਤੇ ਇਸ ਦਾ ਖਾਤਮਾ ਕਰ ਕੇ ਹੀ ਸਾਹ ਲੈਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਦਾਲਤ ਵੱਲੋਂ ਕਬਜ਼ਾ ਵਰੰਟ ਮਿਲਣ ਉੱਤੇ ਨਸ਼ਾ ਤਸਕਰੀ ਕਰਨ ਵਾਲੇ ਬਾਕੀਆਂ ਵਿਰੁੱਧ ਵੀ ਪੀਲਾ ਪੰਜਾ ਚਲਾਇਆ ਜਾਵੇਗਾ। ਇਸ ਦੌਰਾਨ ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਵੱਲੋਂ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗੁਰਮੀਤ ਸਿੰਘ, ਥਾਣਾ ਮੁਖੀ ਘੱਗਾ ਜਤਿੰਦਰ ਕੁਮਾਰ, ਥਾਣਾ ਮੁਖੀ ਸ਼ੁਤਰਾਣਾ ਕੁਲਵੀਰ ਸਿੰਘ ਬਾਠ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਸੀ। - ਨਸ਼ਾ ਤਸਕਰੀ ਦੇ ਦੋਸ਼ ’ਚ ਪਿਓ-ਪੁੱਤ ਜੇਲ੍ਹ ’ਚ ਨਸ਼ਾ ਤਸਕਰੀ ਲਈ ਬਦਨਾਮ ਸਤਪਾਲ ਸਿੰਘ ਤੇ ਉਸ ਦਾ ਪੁੱਤਰ ਲਾਡੀ ਦੋਵੇਂ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਹਨ। ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਤਪਾਲ ਸਿੰਘ ਖ਼ਿਲਾਫ਼ ਨੌ ਉਸ ਦੀ ਪਤਨੀ ਲੱਖੋ ਵਿਰੁੱਧ ਪੰਜ ਅਤੇ ਉਸਦੇ ਪੁੱਤਰ ਲਾਡੀ ਖ਼ਿਲਾਫ਼ ਐੱਨਡੀਪੀਐੱਸ ਕਾਨੂੰਨ ਤਹਿਤ ਕੁੱਲ 15 ਪਰਚੇ ਹਨ ਅਤੇ ਇਸ ਵਕਤ ਦੋਵੇਂ ਪਿਓ-ਪੁੱਤਰ ਜੇਲ੍ਹ ਵਿੱਚ ਬੰਦ ਹਨ।