- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੜ ਚੋਣ ਵਾਲੇ ਵਾਰਡਾਂ ’ਚ ਵੋਟਰ ਸੂਚੀਆਂ ਦੀ ਸੋਧ ਅਤੇ ਮੁੜ ਪ੍ਰਕਾਸ਼ਨਾ ਦੀ ਮੰਗ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਮੁੜ ਚੋਣ ਵਾਲੇ ਸਮੂਹ 30 ਵਾਰਡਾਂ ਦੀ ਸਾਲ 2024 ਵਿੱਚ ਤਿਆਰ ਕੀਤੀ ਗਈ ਨਵੀਂ ਹੱਦਬੰਦੀ ਅਤੇ ਮੌਜੂਦਾ ਵੋਟਰ ਸੂਚੀਆਂ ਵਿਚਕਾਰ ਵੱਡਾ ਅੰਤਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇੱਕ ਮੰਗ ਪੱਤਰ ਸੌਂਪ ਕੇ ਵਿਸ਼ੇਸ਼ ਗਹਿਰੀ ਵੋਟਰ ਸੂਚੀ ਸੋਧ ਪ੍ਰਕਿਰਿਆ ਤਹਿਤ ਵੋਟਰ ਸੂਚੀਆਂ ਦੀ ਮੁੜ ਪੜਤਾਲ ਅਤੇ ਸੋਧੀਆਂ ਸੂਚੀਆਂ ਜਾਰੀ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ ਨੇ ਦੱਸਿਆ ਕਿ ਸਾਲ 2024 ਵਿੱਚ ਨਗਰ ਨਿਗਮ ਦੇ ਵਾਰਡਾਂ ਦੀ ਨਵੀਂ ਹੱਦਬੰਦੀ ਤਾਂ ਤੈਅ ਕਰ ਦਿੱਤੀ ਗਈ, ਪਰ ਮੌਜੂਦਾ ਵੋਟਰ ਸੂਚੀਆਂ ਨੂੰ ਉਸ ਅਨੁਸਾਰ ਦਰੁਸਤ ਨਹੀਂ ਕੀਤਾ ਗਿਆ। ਇਸ ਕਾਰਨ ਕਈ ਇਲਾਕਿਆਂ ਦੇ ਵੋਟਰਾਂ ਦੇ ਨਾਮ ਆਪਣੇ ਰਿਹਾਇਸ਼ੀ ਵਾਰਡ ਦੀ ਬਜਾਏ ਨਾਲ ਲੱਗਦੇ ਦੂਜੇ ਵਾਰਡਾਂ ਵਿੱਚ ਦਰਜ ਹੋਣ ਦੀ ਗੰਭੀਰ ਸੰਭਾਵਨਾ ਬਣੀ ਹੋਈ ਹੈ। ਜੇਕਰ ਇਹ ਖ਼ਾਮੀਆਂ ਦੂਰ ਨਾ ਕੀਤੀਆਂ ਗਈਆਂ ਤਾਂ ਆਗਾਮੀ ਚੋਣਾਂ ਦੌਰਾਨ ਵੋਟਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਭਾਵਨਾ ਅਨੁਸਾਰ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦਾ ਵਾਰਡਾਂ ਦੀ ਅਧਿਕਾਰਤ ਹੱਦਬੰਦੀ ਨਾਲ ਮੁਕੰਮਲ ਮਿਲਾਨ ਕਰਵਾਇਆ ਜਾਵੇ।
ਝਿੱਲ ਨੇ ਪ੍ਰਸ਼ਾਸਨ ਅੱਗੇ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਸਾਲ 2024 ਦੀ ਹੱਦਬੰਦੀ ਦੇ ਅਧਿਕਾਰਤ ਰਿਕਾਰਡ ਦੀ ਜਾਂਚ ਕਰਵਾਈ ਜਾਵੇ, ਐੱਸਆਈਆਰ ਤਹਿਤ ਗੜਬੜੀਆਂ ਵਾਲੇ ਵਾਰਡਾਂ ਦੀਆਂ ਸੂਚੀਆਂ ਵਿੱਚ ਤੁਰੰਤ ਸੋਧ ਕੀਤੀ ਜਾਵੇ ਅਤੇ ਹਰੇਕ ਵੋਟਰ ਦਾ ਨਾਮ ਉਸ ਦੇ ਸਹੀ ਰਿਹਾਇਸ਼ੀ ਵਾਰਡ ਵਿੱਚ ਦਰਜ ਕਰ ਕੇ ਅਪਡੇਟ ਕੀਤੀਆਂ ਵੋਟਰ ਸੂਚੀਆਂ ਸਮੇਂ ਸਿਰ ਮੁੜ ਪ੍ਰਕਾਸ਼ਿਤ ਕੀਤੀਆਂ ਜਾਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਜਨਤਕ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਢੁੱਕਵੀਂ ਕਾਰਵਾਈ ਕਰੇਗਾ ਤਾਂ ਜੋ ਲੋਕਤੰਤਰਿਕ ਅਧਿਕਾਰਾਂ ਦੀ ਰਾਖੀ ਹੋ ਸਕੇ।